DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਣ ਜਾਵੇਗਾ ਰਾਜ ਸਭਾ: ਸ਼ਹਿਰ ਦਾ ਕਾਰੋਬਾਰੀ ਜਾਂ ਸੀਨੀਅਰ ਆਗੂ

ਸ਼ਹਿਰ ਵਿੱਚ ਛਿੜੀ ਚੁੰਝ ਚਰਚਾ
  • fb
  • twitter
  • whatsapp
  • whatsapp
Advertisement

ਗਗਨਦੀਪ ਅਰੋੜਾ

ਲੁਧਿਆਣਾ, 25 ਜੂਨ

Advertisement

ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣ ਜਿੱਤਣ ਮਗਰੋਂ ਹੁਣ ਆਮ ਆਦਮੀ ਪਾਰਟੀ ਵਿੱਚ ਰਾਜ ਸਭਾ ਮੈਂਬਰ ਦੇ ਨਾਂ ’ਤੇ ਚੁੰਝ ਚਰਚਾ ਛਿੜੀ ਹੋਈ ਹੈ। ਚਰਚਾ ਹੈ ਕਿ ‘ਆਪ’ ਦੇ ਜੇਤੂ ਉਮੀਦਵਾਰ ਸੰਜੀਵ ਅਰੋੜਾ ਨੂੰ ਜਲਦੀ ਹੀ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਰਾਜ ਸਭਾ ਮੈਂਬਰ ਤੋਂ ਅਸਤੀਫ਼ਾ ਦਿੰਦੇ ਹੀ ਖਾਲੀ ਹੋ ਰਹੀ ਰਾਜ ਸਭਾ ਸੀਟ ’ਤੇ ਕੌਣ ਬੈਠੇਗਾ, ਉਸ ’ਤੇ ਸਿਆਸੀ ਮੱਥਾ ਪੱਚਾ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਚਰਚਾ ਸੀ ਕਿ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਗੇ, ਪਰ ਅਰਵਿੰਦ ਕੇਜਰੀਵਾਲ ਨੇ ਖੁੱਦ ਐਲਾਨ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਨਹੀਂ ਜਾਣਗੇ। ਇਹ ਫੈਸਲਾ ਪਾਰਟੀ ਪੱਧਰ ’ਤੇ ਲਿਆ ਜਾਵੇਗਾ।

ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ‘ਆਪ’ ਨੇ ਪੰਜਾਬ ਦੀਆਂ ਰਾਜ ਸਭਾ ਸੀਟਾਂ ’ਤੇ ਤਿੰਨ ਸਨਅਕਾਰਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਸੀ। ਇਨ੍ਹਾਂ ਵਿੱਚ ਕਾਰੋਬਾਰੀ ਸੰਜੀਵ ਅਰੋੜਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ, ਕਾਰੋਬਾਰੀ ਅਤੇ ਸਮਾਜ ਸੇਵਕ ਵਿਕਰਮਜੀਤ ਸਿੰਘ ਸਾਹਨੀ ਸ਼ਾਮਲ ਸਨ। ਇਸ ਤੋਂ ਇਲਾਵਾ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲਾ, ਰਾਘਵ ਚੱਢਾ ਅਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਲ-ਨਾਲ ਡਾ. ਸੰਦੀਪ ਪਾਠਕ ਸ਼ਾਮਲ ਸਨ। ਸੰਜੀਵ ਅਰੋੜਾ ਦੇ ਉਪ ਚੋਣ ਜਿੱਤਣ ਤੋਂ ਬਾਅਦ ‘ਆਪ’ ਵਿੱਚ ਇਸ ਗੱਲ ’ਤੇ ਕਾਫ਼ੀ ਚਰਚਾ ਹੈ ਕਿ ਉਨ੍ਹਾਂ ਤੋਂ ਬਾਅਦ ਰਾਜ ਸਭਾ ਕਿਸ ਨੂੰ ਭੇਜਿਆ ਜਾਣਾ ਚਾਹੀਦਾ ਹੈ।

ਸ਼ਹਿਰ ਵਿੱਚ ਚਰਚਾ ਹੈ ਕਿ ਅਗਰ ਕਿਸੇ ਕਾਰੋਬਾਰੀ ਨੂੰ ‘ਆਪ’ ਨੇ ਰਾਜ ਸਭਾ ਭੇਜਣਾ ਹੋਵੇਗਾ ਤਾਂ ਲੁਧਿਆਣਾ ਤੋਂ ਵੱਡੇ ਕਾਰੋਬਾਰੀ ਪਰਿਵਾਰ ਓਸਵਾਲ ਜਾਂ ਫਿਰ ਗੁਪਤਾ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਸੀਟ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ‘ਆਪ’ ਦੇ ਇੰਚਾਰਜ ਮਨੀਸ਼ ਸਿਸੋਦੀਆ ਦਾ ਨਾਮ ਵੀ ਚਰਚਾ ਵਿੱਚ ਹੈ। ਹਲਕਾ ਪੱਛਮੀ ਉਪ ਚੋਣ ਵਿੱਚ ਓਸਵਾਲ ਪਰਿਵਾਰ ਨੇ ਸੰਜੀਵ ਅਰੋੜਾ ਦੀ ਬਹੁਤ ਮਦਦ ਕੀਤੀ ਸੀ ਅਤੇ ਖੁੱਲ੍ਹ ਕੇ ਉਨ੍ਹਾਂ ਦਾ ਸਮਰਥਨ ਵੀ ਕੀਤਾ ਸੀ। ਕਿਹਾ ਜਾਂਦਾ ਹੈ ਕਿ ਸੰਜੀਵ ਅਰੋੜਾ ਅਤੇ ਓਸਵਾਲ ਪਰਿਵਾਰ ਦੇ ਬਹੁਤ ਚੰਗੇ ਸਬੰਧ ਹਨ। ਇਹ ਵੀ ਚਰਚਾ ਹੈ ਕਿ ਧੰਨਵਾਦ ਰੈਲੀ ਲਈ ਦਿੱਲੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਜੀਵ ਅਰੋੜਾ ਅਤੇ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਨੇ ’ਆਪ’ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਹੈ। ਜਿਸ ਵਿੱਚ ਰਾਜ ਸਭਾ ਸੀਟ ਲਈ ਕਿਸ ਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ, ਇਸ ਬਾਰੇ ਚਰਚਾ ਹੋਈ। ਜਿਸ ਵਿੱਚ ਓਸਵਾਲ ਤੇ ਸਨਅਤਕਾਰ ਗੁਪਤਾ ਪਰਿਵਾਰ ਦਾ ਨਾਮ ਸਭ ਤੋਂ ਉੱਪਰ ਹੈ। ਹੁਣ ਦੇਖਣਾ ਇਹ ਹੈ ਕਿ ‘ਆਪ’ ਆਗੂ ਕਿਸ ਦੇ ਨਾਮ ਨੂੰ ਮਨਜ਼ੂਰੀ ਦਿੰਦੇ ਹਨ।

Advertisement
×