ਲੁਧਿਆਣਾ ਦਾ ਬੁੱਢਾ ਨਾਲਾ ਕਦੋਂ ਬਣੇਗਾ ਮੁੜ ਦਰਿਆ
ਲੁਧਿਆਣਾ ਸ਼ਹਿਰ ਦੀ ਧੁੰਨੀ ਵਿੱਚੋਂ ਨਿਕਲਦਾ ਬੁੱਢਾ ਦਰਿਆ ਜੋ ਪਿਛਲੇ ਲੰਬੇ ਸਮੇਂ ਤੋਂ ਨਾਲਾ ਬਣਿਆ ਹੋਇਆ ਸੀ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਤੱਕ ਬੁੱਢਾ ਦਰਿਆ ਨਹੀਂ ਬਣ ਸਕਿਆ। ਇਹ ਬੁੱਢਾ ਦਰਿਆ ਅੱਗੋਂ ਸਤਲੁਜ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦਾ ਆ ਰਿਹਾ ਹੈ ਜੋ ਅੱਗੇ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਵੀ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ।
ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਬੁੱਢਾ ਦਰਿਆ ਅੱਜਕਲ੍ਹ ਬੁੱਢਾ ਨਾਲਾ ਬਣਿਆ ਹੋਇਆ ਹੈ। ਸੀਵਰੇਜ ਦਾ ਅਣਸੋਧਿਆ ਪਾਣੀ, ਰੰਗਾਈ ਕਾਰਖਾਨਿਆਂ, ਸਨਅਤੀ ਅਦਾਰਿਆਂ ਵਿੱਚੋਂ ਆ ਕੇ ਮਿਲਦਾ ਤੇਜ਼ਾਬੀ ਪਾਣੀ ਅਤੇ ਡੇਅਰੀਆਂ ਵਿੱਚੋਂ ਆਉਂਦਾ ਗੋਹੇ ਵਾਲਾ ਪਾਣੀ ਹਾਲੇ ਵੀ ਬੁੱਢਾ ਦਰਿਆ ਵਿੱਚ ਸੁੱਟੇ ਜਾ ਰਹੇ ਹਨ। ਇਸ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਲਈ ਸਮੇਂ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਆਪਣਾ ਆਪਣਾ ਜ਼ੋਰ ਲਾਇਆ। ਕਰੋੜਾਂ ਰੁਪਏ ਦੇ ਪ੍ਰਾਜੈਕਟ ਵੀ ਆਰੰਭੇ ਗਏ ਪਰ ਹਾਲੇ ਤੱਕ ਕੋਈ ਵੀ ਪ੍ਰਾਜੈਕਟ ਇਸ ਦਰਿਆ ਨੂੰ ਸੁਰਜੀਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਹੈ।
ਪ੍ਰਦੂਸ਼ਣ ਫੈਲਾਉਣ ਵਾਲਿਆਂ ਦੇ ਕੱਟੇ ਜਾ ਰਹੇ ਹਨ ਚਲਾਨ
ਮੌਜੂਦਾ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਰਿਆ ਵਿੱਚ ਪ੍ਰਦੂਸ਼ਿਤ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਕਈ ਮਹੀਨਿਆਂ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਕਾਲੀ ਵੇਈਂ ਦੀ ਤਰਜ਼ ’ਤੇ ਬੁੱਢਾ ਦਰਿਆ ਦੀ ਸਫ਼ਾਈ ਦੇ ਪ੍ਰਾਜੈਕਟ ਵਿੱਚ ਕਾਰਜਸ਼ੀਲ ਹਨ। ਪਿੰਡਾਂ ਵਿੱਚੋਂ ਡੇਅਰੀਆਂ ਦਾ ਗੋਹੇ ਵਾਲਾ ਪਾਣੀ ਬੰਦ ਕਰਵਾਇਆ ਗਿਆ, ਤਾਜਪੁਰ ਰੋਡ ’ਤੇ ਪੈਂਦੀਆਂ ਕਈ ਡੇਅਰੀਆਂ ਵਾਲਿਆਂ ਦੇ ਚਲਾਨ ਵੀ ਕੱਟੇ ਗਏ, ਕਈ ਉਦਯੋਗਿਕ ਇਕਾਈਆਂ ਅਤੇ ਡਾਇੰਗਾਂ ਵਾਲਿਆਂ ਨੂੰ ਵੀ ਪ੍ਰਦੂਸ਼ਿਤ ਪਾਣੀ ਸੁੱਟਣ ਤੋਂ ਰੋਕਿਆ ਜਾ ਚੁੱਕਾ ਹੈ। ਸੰਤ ਸੀਚੇਵਾਲ ਨੇ ਇਸ ਸਾਲ ਵਿਸਾਖੀ ਮੌਕੇ ਨਾ ਸਿਰਫ ਬੁੱਢੇ ਦਰਿਆ ਦੇ ਕਿਨਾਰੇ ਸਮਾਗਮ ਕਰਵਾਇਆ ਸਗੋਂ ਕਈ ਹੋਰ ਥਾਵਾਂ ’ਤੇ ਇਸ਼ਨਾਨ ਘਾਟ ਵੀ ਬਣਾ ਦਿੱਤੇ ਹਨ। ਆਏ ਦਿਨ ਸੰਤ ਸੀਚੇਵਾਲ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਅੰਦਰ ਬੁੱਢੇ ਦਰਿਆ ਦਾ ਪਾਣੀ ਕਾਲਾ ਹੀ ਚੱਲ ਰਿਹਾ ਹੈ। ਉਨ੍ਹਾਂ ਦਾ ਤਹੱਈਆ ਬੁੱਢੇ ਨਾਲੇ ਦੀ ਪੁਨਰਸੁਰਜੀਤੀ ਕਰਕੇ ਇਸ ਨੂੰ ਦੁਬਾਰਾ ਬੁਢਾ ਦਰਿਆ ਬਣਾਉਣਾ ਹੈ। ਦੂਜੇ ਪਾਸੇ ਪਬਲਿਕ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਜਿੰਨੀਂ ਦੇਰ ਤੱਕ ਪ੍ਰਦੂਸ਼ਣ ਪਾਣੀ ਬੁੱਢੇ ਨਾਲੇ ਵਿੱਚ ਸੁੱਟਣਾ ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ, ਉਨੀਂ ਦੇਰ ਤੱਕ ਬੁੱਢਾ ਨਾਲਾ ਪ੍ਰਦੂਸ਼ਣ ਮੁਕਤ ਨਹੀਂ ਹੋ ਸਕਦਾ।