ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਮਈ
ਸਥਾਨਕ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਪਰ ਇਸ ਵਾਰ ਇੱਥੇ ਕਣਕ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਘੱਟ ਨਜ਼ਰ ਆਈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਮਾਛੀਵਾੜਾ ਮੰਡੀ ਅਤੇ ਨਾਲ ਲੱਗਦੇ ਉਪ ਖਰੀਦ ਕੇਂਦਰ ਸ਼ੇਰਪੁਰ ਬੇਟ, ਹੇਡੋਂ ਬੇਟ, ਬੁਰਜ ਪਵਾਤ ਅਤੇ ਲੱਖੋਵਾਲ ਕਲਾਂ ਵਿਚ 7 ਲੱਖ 66 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋਈ ਸੀ ਪਰ ਇਸ ਵਾਰ ਕਣਕ ਖਰੀਦ ਦਾ ਕੰਮ 7 ਲੱਖ 15 ਹਜ਼ਾਰ ਕੁਇੰਟਲ ਤੱਕ ਸੀਮਿਤ ਰਹਿ ਗਿਆ ਹੈ ਜਿਸ ਕਾਰਨ 51 ਹਜ਼ਾਰ ਕੁਇੰਟਲ ਕਣਕ ਘੱਟ ਆਈ।
ਮਾਛੀਵਾੜਾ ਇਲਾਕੇ ਵਿਚ ਇਸ ਵਾਰ ਕਣਕ ਦਾ ਝਾੜ ਵਧੀਆ ਰਿਹਾ ਅਤੇ ਆਸ ਕੀਤੀ ਜਾ ਰਹੀ ਸੀ ਕਿ ਪਿਛਲੇ ਸਾਲ ਦਾ ਅੰਕੜਾ ਪਾਰ ਕਰੇਗੀ ਪਰ ਘਟਣ ਦਾ ਮੁੱਖ ਕਾਰਨ ਇਸ ਵਾਰ ਕਿਸਾਨਾਂ ਵਲੋਂ ਮੱਕੀ ਦੀ ਕਾਸ਼ਤ ਵਧ ਕੀਤੀ ਗਈ ਹੈ। ਮੱਕੀ ਦੀ ਫਸਲ ਲਾਹੇਵੰਦ ਹੋਣ ਕਾਰਨ ਕਿਸਾਨਾਂ ਨੇ ਕਣਕ ਦੀ ਬਿਜਾਈ ਹੇਠਲਾ ਰਕਬਾ ਘਟਾ ਦਿੱਤਾ ਅਤੇ ਦੂਸਰਾ ਮੁੱਖ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਕਿਸਾਨਾਂ ਵਲੋਂ ਚੰਗਾ ਮੁਨਾਫ਼ਾ ਕਮਾਉਣ ਲਈ ਕਣਕ ਨੂੰ ਸਟੋਰ ਕਰ ਲਿਆ ਗਿਆ ਹੈ ਕਿਉਂਕਿ ਆਉਣ ਵਾਲੇ ਦਿਨਾਂ ’ਚ ਇਸ ਦੇ ਭਾਅ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਮਾਛੀਵਾੜਾ ਮੰਡੀ ਵਿਚ ਕਣਕ ਖਰੀਦ ਦਾ ਕੰਮ ਲੱਗਭਗ ਨਿੱਬੜ ਚੁੱਕਾ ਹੈ ਪਰ ਅਜੇ ਲਿਫਟਿੰਗ ਦਾ ਕੰਮ ਜਾਰੀ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਮੰਡੀ ਵਿਚ ਅਜੇ ਵੀ 25 ਹਜ਼ਾਰ ਕੁਇੰਟਲ ਤੋਂ ਵੱਧ ਕਣਕ ਲਿਫਟਿੰਗ ਦੇ ਇੰਤਜ਼ਾਰ ਵਿਚ ਪਈ ਹੈ।
ਮਾਛੀਵਾੜਾ ਮਾਰਕੀਟ ਕਮੇਟੀ ਨੂੰ 72 ਲੱਖ ਰੁਪਏ ਮਾਰਕੀਟ ਫੀਸ ਦਾ ਘਾਟਾ
ਮਾਛੀਵਾੜਾ ਅਨਾਜ ਮੰਡੀ ਵਿਚ ਪਿਛਲੇ ਸਾਲ ਦੇ ਮੁਕਾਬਲੇ 51 ਹਜ਼ਾਰ ਕੁਇੰਟਲ ਫਸਲ ਘੱਟ ਆਉਣ ਕਾਰਨ 12 ਕਰੋੜ 36 ਲੱਖ ਰੁਪਏ ਦੀ ਫਸਲ ਘੱਟ ਵਿਕੀ ਜਿਸ ਕਾਰਨ ਆੜ੍ਹਤੀਆਂ ਨੂੰ ਤਾਂ ਨੁਕਸਾਨ ਹੋਇਆ ਹੀ ਹੈ ਉੱਥੇ ਮਾਛੀਵਾੜਾ ਮਾਰਕੀਟ ਕਮੇਟੀ ਦੀ ਫੀਸ ਵੀ ਘਟੀ। ਜਾਣਕਾਰੀ ਅਨੁਸਾਰ ਮਾਛੀਵਾੜਾ ਮਾਰਕੀਟ ਕਮੇਟੀ ਨੂੰ ਕਣਕ ਦੀ ਵਿਕਰੀ ’ਤੇ 3 ਪ੍ਰਤੀਸ਼ਤ ਮਾਰਕੀਟ ਫੀਸ ਅਤੇ 3 ਪ੍ਰਤੀਸ਼ਤ ਆਰ.ਡੀ.ਐੱਫ. ਮਿਲਦਾ ਹੈ ਅਤੇ 12.36 ਕਰੋੜ ਰੁਪਏ ਦੀ ਫਸਲ ਘਟਣ ਕਾਰਨ ਕਰੀਬ 72 ਲੱਖ ਰੁਪਏ ਦਾ ਘਾਟਾ ਪਿਆ। ਇਸ ਵਾਰ ਆੜ੍ਹਤੀਆਂ ਤੇ ਮਾਰਕੀਟ ਕਮੇਟੀ ਨੂੰ ਮੱਕੀ ਦੀ ਆਮਦ ਪਿਛਲੇ ਸਾਲ ਨਾਲੋਂ ਵੱਧ ਆਉਣ ਦੀ ਸੰਭਾਵਨਾ ਹੈ ਕਿਉਂਕਿ ਇਸ ਮੰਡੀ ਵਿਚ ਆਸਪਾਸ ਦੀਆਂ ਮੰਡੀਆਂ ਨਾਲੋਂ ਮੱਕੀ ਮਹਿੰਗੇ ਭਾਅ ਵਿਕਦੀ ਹੈ ਅਤੇ ਇੱਥੇ ਸਰਕਾਰ ਵਲੋਂ ਮੱਕੀ ਸੁਕਾਉਣ ਲਈ ਡਰਾਇਰ ਵੀ ਲਗਾਇਆ ਹੈ।