ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵਧਦਾ ਆ ਰਿਹਾ ਹੈ। ਅੱਜ ਐਤਵਾਰ ਦੁਪਹਿਰ ਸਮੇਂ ਤੋਂ ਬਾਅਦ ਸੰਘਣੀ ਬੱਦਲਵਾਈ ਤੋਂ ਬਾਅਦ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਨਾਲ ਲੋਕਾਂ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।
ਹਰ ਵਾਰ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਗਰਮ ਮੰਨੇ ਜਾਂਦੇ ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਹੈ। ਕਈ ਵਾਰ ਇਹ ਤਾਪਮਾਨ 37 ਤੋਂ 38 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਗਿਆ। ਪੀਏਯੂ ਮੌਸਮ ਵਿਭਾਗ ਅਨੁਸਾਰ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 35.6 ਅਤੇ ਘੱਟ ਤੋਂ ਘੱਟ 23.8 ਡਿਗਰੀ ਸੈਲਸੀਅਸ ਤੱਕ ਰਿਹਾ। ਅੱਜ ਸਵੇਰ ਸਮੇਂ ਭਾਵੇਂ ਆਮ ਦਿਨਾਂ ਦੀ ਤਰ੍ਹਾਂ ਤਿੱਖਾ ਸੂਰਜ ਨਿਕਲਿਆ ਪਰ ਦੁਪਹਿਰ ਹੁੰਦੇ ਹੀ ਅਕਾਸ਼ ’ਤੇ ਬੱਦਲਵਾਈ ਹੋਣੀ ਸ਼ੁਰੂ ਹੋ ਗਈ। ਇਸ ਦੌਰਾਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਹਲਕਾ ਮੀਂਹ ਵੀ ਪਿਆ। ਪੂਰੇ ਦਿਨ ਵਿੱਚ ਬਹੁਤਾ ਸਮਾਂ ਬੱਦਲਵਾਈ ਰਹਿਣ ਅਤੇ ਕਈ ਥਾਵਾਂ ’ਤੇ ਮੀਂਹ ਪੈਣ ਨਾਲ ਤਾਪਮਾਨ ਵਿੱਚ ਡੇਢ ਤੋਂ ਦੋ ਡਿਗਰੀ ਸੈਲਸੀਅਸ ਤੱਕ ਕਮੀ ਆਉਣ ਨਾਲ ਲੋਕਾਂ ਨੇ ਗਰਮੀ ਤੋਂ ਮਾਮੂਲੀ ਰਾਹਤ ਪ੍ਰਾਪਤ ਕੀਤੀ। ਕਈ ਥਾਵਾਂ ’ਤੇ ਅਚਾਨਕ ਆਏ ਮੀਂਹ ਨੇ ਆਪਣੀ ਮੰਜਿਲ ਵੱਲ ਜਾਂਦੇ ਲੋਕਾਂ ਨੂੰ ਰਾਹ ਵਿੱਚ ਹੀ ਘੇਰ ਲਿਆ। ਲੋਕ ਸੁਰੱਖਿਅਤ ਥਾਂ ਲਈ ਇੱਧਰ-ਉੱਧਰ ਵੀ ਦੌੜਦੇ ਦੇਖੇ ਗਏ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਉਂਦੇ ਦਿਨਾਂ ਵਿੱਚ ਵੀ ਮੌਸਮ ਸਾਫ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।