ਅੰਬੇਡਕਰ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਾਂਗੇ: ਬੈਂਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੁਲਾਈ
ਵਾਰਡ ਨੰਬਰ 51 ਦੇ ਇਲਾਕੇ ਅੰਬੇਡਕਰ ਨਗਰ ਵਿੱਚ ਦਲਜੀਤ ਸਿੰਘ ਟੱਕਰ ਦੀ ਅਗਵਾਈ ਹੇਠ ਇੱਕ ਮੀਟਿੰਗ ਸਮਸ਼ੇਰ ਸਿੰਘ ਸੰਧੂ ਦੇ ਨਿਵਾਸ ਸਥਾਨ ਤੇ ਹੋਈ ਜਿਸ ਵਿੱਚ ਉਚੇਚੇ ਤੌਰ ’ਤੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ।
ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਕਿਹਾ ਕਿ ‘ਆਪ’ ਸਰਕਾਰ ਦੇ ਆਗੂਆਂ ਦੀ ਨਲਾਇਕੀ ਕਾਰਨ ਸ਼ਹਿਰ ਵਾਸੀ ਨਰਕ ਵਰਗਾ ਜੀਵਨ ਜਿਊਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਮੀਂਹ ਦਾ ਮੌਸਮ ਚੱਲ ਰਿਹਾ ਹੈ ਪਰ ਨਗਰ ਨਿਗਮ ਅਤੇ ਆਪ ਦੇ ਆਗੂਆਂ ਵੱਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈਕੇ ਅਜੇ ਤੱਕ ਕੋਈ ਵੀ ਕੰਮ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ।
ਉਨ੍ਹਾਂ ਅੰਬੇਡਕਰ ਨਗਰ ਵਸਨੀਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਹਰ ਸਮੱਸਿਆ ਦੇ ਹੱਲ ਵਾਸਤੇ ਸੰਸਦ ਮੈਂਬਰ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ ਬੰਟੀ ਸੰਧੂ, ਰਿੰਕੀ ਸੰਧੂ, ਚੰਨੀ, ਕਾਲਾ ਮਨਦੀਪ, ਦਮਨ ਖੋਖਰ, ਦੀਪੂ ਮਨਦੀਪ ਸਿੰਘ, ਅਰਜਨ, ਬਲਦੇਵ ਸਿੰਘ, ਜੈ ਰਿਸ਼ੂ, ਰੋਬਿਨ ਸੰਧੂ ਅਤੇ ਕੀਨੂ ਹਾਜ਼ਰ ਸਨ।