ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ: ਸੰਦੀਪ ਸੰਧੂ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ਜੇਕਰ ਸੱਤਾਧਾਰੀ ਧਿਰ ਨੇ ਧੱਕੇਸ਼ਾਹੀ ਦਾ ਕੋਸ਼ਿਸ਼ ਕੀਤੀ ਤਾਂ ਇਹ ਸਹਿਣ ਨਹੀਂ ਹੋਵੇਗੀ। ਕਾਂਗਰਸ ਵੀ ਇਸ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ। ਇਸ...
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ਜੇਕਰ ਸੱਤਾਧਾਰੀ ਧਿਰ ਨੇ ਧੱਕੇਸ਼ਾਹੀ ਦਾ ਕੋਸ਼ਿਸ਼ ਕੀਤੀ ਤਾਂ ਇਹ ਸਹਿਣ ਨਹੀਂ ਹੋਵੇਗੀ। ਕਾਂਗਰਸ ਵੀ ਇਸ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ। ਇਸ ਲਈ ਕਾਂਗਰਸ ਪਹਿਲਾਂ ਹੀ ਅਧਿਕਾਰੀਆਂ ਨੂੰ ਤਾੜਨਾ ਕਰਨੀ ਚਾਹੁੰਦੀ ਹੈ ਕਿ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਗਲਤ ਢੰਗ ਨਾਲ ਕਾਗਜ਼ ਰੱਦ ਕਰਨ ਤੋਂ ਲੈ ਕੇ ਗਲਤ ਚੋਣ ਨਤੀਜੇ ਐਲਾਨੇ ਜਾਣ ਦੀ ਜੇਕਰ ਕੋਸ਼ਿਸ਼ ਹੋਈ ਤਾਂ ਇਨ੍ਹਾਂ ਜਵਾਬਦੇਹੀ ਅਜਿਹਾ ਕਰਨ ਵਾਲੇ ਅਧਿਕਾਰੀਆਂ ਦੀ ਹੋਵੇਗੀ। ਕੈਪਟਨ ਸੰਧੂ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਹਰ ਹਰਬਾ ਵਰਤ ਕੇ ਚੋਣ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਸਾਰੇ ਭਰਮ ਭੁਲੇਖੇ ਲੋਕ ਦੂਰ ਕਰ ਦੇਣਗੇ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਅਤੇ ਧਾਰਮਿਕ ਸਮਾਗਮ ਵਿੱਚ ਸਿਆਸਤ ਭਾਰੂ ਰਹਿਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਨੂੰ ਸ਼ੀਸ਼ਾ ਦਿਖਾਉਣ ਲਈ ਇਹ ਗੱਲ ਵੀ ਅਹਿਮ ਹੈ ਕਿ ਸੂਬਾ ਸਰਕਾਰ ਦੇ ਵਿਸ਼ੇਸ਼ ਸੱਦੇ ਦੇ ਬਾਵਜੂਦ ਨਾ ਕੋਈ ਕੇਂਦਰੀ ਮੰਤਰੀ, ਨਾ ਕਿਸੇ ਸੂਬੇ ਦਾ ਮੁੱਖ ਮੰਤਰੀ ਤੇ ਨਾ ਹੀ ਕਿਸੇ ਹੋਰ ਸਿਆਸੀ ਧਿਰ ਦਾ ਆਗੂ ਸ਼ਾਮਲ ਹੋਇਆ। ਇਸੇ ਦੌਰਾਨ ਕਾਂਗਰਸ ਪਾਰਟੀ ਦੀ ਹਲਕਾ ਦਾਖਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ। ਇਸ ਵਿੱਚ ਹਾਜ਼ਰ ਕਾਂਗਰਸੀ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਹੁਣੇ ਤੋਂ ਡਟ ਜਾਣ ਲਈ ਪ੍ਰੇਰਿਆ। ਮੀਟਿੰਗ ਵਿੱਚ ਮਾਜਰੀ, ਛਪਾਰ, ਧੂਲਕੋਟ, ਫੱਲੇਵਾਲ, ਗੁੱਜਰਵਾਲ, ਢੈਪਈ, ਛੋਕਰ, ਬੱਦੋਵਾਲ, ਜਾਂਗਪੁਰ, ਮੋਹੀ, ਰਾਊਵਾਲ, ਸਿੱਧਵਾਂ ਬੇਟ ਅਤੇ ਸਲੇਮਪੁਰਾ ਜ਼ੋਨ ਅਧੀਨ ਪੈਂਦੇ ਪਿੰਡਾਂ ਦੇ ਸਾਥੀਆਂ ਨਾਲ ਟਿਕਟਾਂ ਤੋਂ ਲੈ ਕੇ ਜਿੱਤ ਤੇ ਧੱਕੇਸ਼ਾਹੀ ਦੇ ਟਕਰਾਅ ਖ਼ਿਲਾਫ਼ ਰਣਨੀਤੀ ਘੜੇ ਜਾਣ ਬਾਰੇ ਵੀ ਚਰਚਾ ਹੋਈ। ਇਸ ਮੌਕੇ ਮੌਜੂਦ ਸੁਖਵਿੰਦਰ ਸਿੰਘ ਪਮਾਲੀ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ, ਕੁਲਦੀਪ ਸਿੰਘ ਛਪਾਰ, ਕੁਲਦੀਪ ਸਿੰਘ ਬੱਦੋਵਾਲ, ਸੁਖਮਿੰਦਰ ਸਿੰਘ ਟੋਨੀ, ਗੁਰਚਰਨ ਸਿੰਘ ਤਲਵਾੜਾ, ਵਰਿੰਦਰ ਸਿੰਘ ਮਦਾਰਪੁਰਾ, ਕਮਲਪ੍ਰੀਤ ਸਿੰਘ ਲਤਾਲਾ, ਸਰਪੰਚ ਕੁਲਦੀਪ ਖੰਡੂਰ, ਅਮਰਦੀਪ ਬੱਲੋਵਾਲ, ਜਸਵਿੰਦਰ ਧੂਰਕੋਟ, ਸਰਪੰਚ ਪ੍ਰਕਾਸ਼ ਸਿੰਘ, ਤਨਵੀਰ ਜੋਧਾਂ ਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।

