ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਵਾਉਣ ਲਈ ਅਖੀਰ ਤੱਕ ਲੜਾਂਗੇ: ਗਿਆਸਪੁਰਾ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਦੂਜੇ ਵੀ ਜਾਰੀ ਰਿਹਾ। ਬੇਸ਼ੱਕ ਅੱਜ ਸ਼ਨਿਚਰਵਾਰ ਦੀ ਸਰਕਾਰੀ ਛੁੱਟੀ ਸੀ ਪਰ ਕਿਸਾਨ ਯੂਨੀਅਨ ਦੇ ਆਗੂ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ’ਤੇ ਹੋਏ ਕਬਜ਼ੇ ਹਟਾਉਣ ਲਈ ਜੋ ਬੀ.ਡੀ.ਪੀ.ਓ. ਵੱਲੋਂ ਟਾਲ-ਮਟੋਲ ਵਾਲੀ ਨੀਤੀ ਅਪਣਾਈ ਹੋਈ ਸੀ ਉਹ ਹੁਣ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿਭਾਗ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ ਉਦੋਂ ਤੱਕ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।
ਜ਼ਿਲ੍ਹਾ ਪ੍ਰਧਾਨ ਗਿਆਸਪੁਰਾ ਨੇ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀਆਂ ਮਨਮਰਜ਼ੀਆਂ ਹੁਣ ਨਹੀਂ ਚੱਲਣਗੀਆਂ ਅਤੇ ਹੁਣ ਉਨ੍ਹਾਂ ਦੀ ਯੂਨੀਅਨ ਪਿੰਡਾਂ ਵਿਚ ਜਿੱਥੇ ਵੀ ਲੋਕਾਂ ਨਾਲ ਧੱਕਾ ਹੋਇਆ ਹੈ ਉੱਥੇ ਲੋਕਾਂ ਨਾਲ ਚੱਟਾਨ ਵਾਂਗ ਖੜੇਗੀ। ਅੱਜ ਰੋਸ ਧਰਨੇ ਵਿਚ ਜ਼ਿਲਾ ਖਜਾਨਚੀ ਸੁੱਖੀ ਰੋਹਲੇ, ਬਲਾਕ ਪ੍ਰਧਾਨ ਗੁਰਜੀਤ ਸਿੰਘ ਗੜ੍ਹੀ ਤਰਖਾਣਾ, ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਸੁਖਦੀਪ ਸਿੰਘ ਬਾਜਵਾ, ਯੁਵਰਾਜ ਰਾਜ, ਮੰਡਲ ਪ੍ਰਧਾਨ ਨੰਦ ਕਿਸ਼ੋਰ, ਨਛੱਤਰ ਸਿੰਘ ਰੋਹਲਾ, ਅਮਰ ਸਿੰਘ ਚੱਕ ਲੋਹਟ, ਸਵਰਨ ਸਿੰਘ ਹੇੜੀਆਂ, ਜਸਮੇਲ ਸਿੰਘ ਬੌਂਦਲੀ, ਜਸਵੀਰ ਸਿੰਘ ਮੁਸਕਾਬਾਦ, ਮਨਦੀਪ ਸਿੰਘ ਘੁਲਾਲ, ਜੀਤ ਸਿੰਘ ਸਹਿਜੋ ਮਾਜਰਾ ਵੀ ਹਾਜ਼ਰ ਸਨ।