ਭੱਲਾ ਦੀ ਮੌਤ ’ਤੇ ਸੋਗ ਦੀ ਲਹਿਰ
ਮਸ਼ਹੂਰ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਿੰਡ ਕੱਦੋਂ ਅਤੇ ਦੋਰਾਹਾ ਦੀਆਂ ਵੱਖ ਵੱਖ ਸਾਹਿਤਕ ਜੱਥੇਬੰਦੀਆਂ, ਸੰਗੀਤਕਾਰਾਂ, ਲੇਖਕਾਂ, ਵਿੱਦਿਅਕ ਮਾਹਿਰਾਂ ਨੇ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸ੍ਰੀ ਭੱਲਾ ਦੀ ਨਿੱਜੀ ਰਿਹਾਇਸ਼ ਦੋਰਾਹਾ ਵਿੱਚ ਸੀ ਜਿੱਥੇ ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਹ ਸਕੂਲ ਵਿਚ ਹੋਣ ਵਾਲੇ ਸੱਭਿਆਚਾਰਕ ਸਮਾਗਮਾਂ ਵਿਚ ਮੋਨੋ ਐਕਟਿੰਗ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਰਹਿੰਦੇ ਸਨ। ਭੱਲਾ ਦੀ ਅਚਾਨਕ ਮੌਤ ’ਤੇ ਉਨ੍ਹਾਂ ਦੇ ਜੱਦੀਂ ਪਿੰਡ ਕੱਦੋਂ ਵਿਖੇ ਸੋਗ ਦੀ ਲਹਿਰ ਛਾ ਗਈ। ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਅਤੇ ਮਾਸਟਰ ਗੁਰਦੇਵ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਸਵਿੰਦਰ ਭੱਲਾ ਪਿੰਡ ਦਾ ਮਾਣ ਸੀ। ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਭੱਲਾ ਸਕੂਲ ਸਮੇਂ ਸਵੇਰੇ ਦੀ ਪ੍ਰਾਥਨਾ ਸਭਾ ਵਿਚ ਬੈਂਡ ਵਜਾਉਂਦਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿਚ ਜਸਵਿੰਦਰ ਭੱਲਾ ਦੀ ਕੋਈ ਢੱੁਕਵੀਂ ਯਾਦਗਾਰ ਬਣਾਈ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਸ ਤੋਂ ਮਾਰਗ ਦਰਸ਼ਨ ਲੈ ਸਕਣ।