ਮੀਂਹ ਤੋਂ ਕਈ ਦਿਨ ਬਾਅਦ ਵੀ ਖੜ੍ਹਾ ਸੜਕਾਂ ’ਤੇ ਪਾਣੀ
ਸਮਾਰਟ ਸ਼ਹਿਰ ਲੁਧਿਆਣਾ ਵਿੱਚ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪਿਛਲੇ ਲੰਮੇ ਸਮੇਂ ਤੋਂ ਕਮੀ ਖਟਕਦੀ ਆ ਰਹੀ ਹੈ। ਸ਼ਹਿਰ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਸੜਕਾਂ ਜਲ-ਥਲ ਹੋ ਜਾਂਦੀਆਂ ਹਨ ਅਤੇ ਕਈ ਦਿਨਾਂ ਤੱਕ ਪਾਣੀ ਸੜਕਾਂ ’ਤੇ ਘੁੰਮਦਾ ਰਹਿਣਾ ਹੈ। ਇਸ ਕਰਕੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਫਲਾਈਓਵਰ ਬਣਾਏ ਗਏ ਹਨ। ਪਰ ਬਰਸਾਤੀ ਮੌਸਮ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਪੁਲਾਂ ਦੇ ਨਾਲ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ। ਇੰਨਾਂ ਸੜਕਾਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਬਹੁਤੇ ਨਾਲੇ ਮਿੱਟੀ ਅਤੇ ਕੂੜੇ ਨਾਲ ਭਰੇ ਹੋਏ ਹਨ। ਸਥਾਨਕ ਸਮਰਾਲਾ ਚੌਂਕ ’ਤੇ ਬਣੇ ਫਲਾਈਓਵਰ ਹੇਠਾਂ ਵੀ ਹਰ ਮੀਂਹ ਤੋਂ ਬਾਅਦ ਅਜਿਹਾ ਨਜ਼ਾਰਾ ਦੇਖਣ ਨੂੰ ਮਿਲ ਜਾਂਦਾ ਹੈ। ਇੱਥੇ ਕਈ-ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਰਕੇ ਹੁਣ ਤਾਂ ਸੜਕਾਂ ਵੀ ਅੰਦਰੋਂ ਟੁੱਟ ਗਈਆਂ ਹਨ। ਇਸੇ ਤਰ੍ਹਾਂ ਸ਼ਹਿਰ ਦੀਆਂ ਹੋਰ ਕਈ ਸੜਕਾਂ ਵੀ ਨੀਵੀਆਂ ਬਣੀਆਂ ਹੋਈਆਂ ਹਨ। ਇੰਨਾਂ ਦੇ ਆਲੇ-ਦੁਆਲੇ ਦੀਆਂ ਥੜੀਆਂ ਉੱਚੀਆਂ ਹੋਣ ਕਰਕੇ ਮੀਂਹ ਦੇ ਪਾਣੀ ਨੂੰ ਨਿਕਲਣ ਲਈ ਕੋਈ ਥਾਂ ਨਹੀਂ ਮਿਲਦੀ। ਇੱਥੋਂ ਦੇ ਚੰਡੀਗੜ੍ਹ ਰੋਡ ’ਤੇ ਸੈਕਟਰ-32 ਦੇ ਨਾਲ ਨਾਲ, ਹੈਬੋਵਾਲ ਖੁਰਦ, ਢੋਲੇਵਾਲ ਚੌਂਕ, ਜਲੰਧਰ ਬਾਈਪਾਸ ਆਦਿ ਸੜਕਾਂ ’ਤੇ ਖੜ੍ਹੇ ਇਸ ਪਾਣੀ ਵਿੱਚੋਂ ਵਾਰ ਵਾਰ ਗੱਡੀਆਂ ਦੇ ਲੰਘਣ ਨਾਲ ਸੜਕਾਂ ਦੀ ਹਾਲਤ ਖਸਤਾ ਹੋ ਜਾਂਦੀ ਹੈ ਜਿਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।