ਸਨਅਤੀ ਸ਼ਹਿਰ ਦੇ ਧਰਮਪੁਰਾ ਇਲਾਕੇ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ਤੇ ਗਲੀਆਂ ਵਿਚੱ ਖੜ੍ਹਾ ਹੋ ਗਿਆ। ਦੇਖਦੇ ਹੀ ਦੇਖਦੇ ਕਾਲਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਪੁੱਜ ਗਿਆ। ਪੂਰੇ ਮੁਹੱਲੇ ਵਿੱਚ ਲੋਕਾਂ ਵਿੱਚ ਰੋਲਾ ਪੈ ਗਿਆ ਜਿਸ ਤੋਂ ਬਾਅਦ ਆਸਪਾਸ ਦੇ ਲੋਕ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਨਗਰ ਨਿਗਮ ਦੇ ਮੁਲਾਜ਼ਮ ਮੌਕੇ ’ਤੇ ਪੁੱਜ ਗਏ। ਵਿਧਾਇਕ ਨੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕਰਵਾਇਆ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਅਚਾਨਕ ਹੀ ਧਰਮਪੁਰਾ ਇਲਾਕੇ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਗਲੀਆਂ ਤੇ ਸੜਕਾਂ ’ਤੇ ਆਉਣਾ ਸ਼ੁਰੂ ਹੋ ਗਿਆ। ਕੁੱਝ ਹੀ ਸਮੇਂ ਵਿੱਚ ਗੰਦਾ ਪਾਣੀ ਸਾਰੇ ਹੀ ਮੁਹੱਲੇ ਵਿੱਚ ਵੜ੍ਹ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਅੰਡਰ ਗਰਾਊਂਡ ਗੰਦੇ ਨਾਲੇ ਦੀ ਪਾਈਪ ਫਟ ਗਈ ਸੀ, ਜਿਸ ਮਗਰੋਂ ਪਾਣੀ ਗਲੀਆਂ ਤੇ ਸੜਕਾਂ ’ਤੇ ਆ ਗਿਆ। ਲੋਕਾਂ ਨੇ ਕਿਹਾ ਕਿ ਮੀਂਹ ਦੌਰਾਨ ਵੀ ਉਨ੍ਹਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਇਆ ਸੀ। ਅੱਜ ਜਦੋਂ ਦੇਰ ਸ਼ਾਮ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕਾਂ ’ਤੇ ਆ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਨਾਲੇ ਦੇ ਥੱਲੇ 24 ਇੰਚ ਦੀ ਸੀਵਰੇਜ਼ ਦੀ ਪਾਈਪ ਹੈ, ਜੋ ਕਈ ਇਲਾਕਿਆਂ ਦਾ ਪਾਣੀ ਬੁੱਢੇ ਦਰਿਆ ਵਿੱਚ ਸੁੱਟਦੀ ਹੈ। ਜਿਸ ਦੀ ਪਾਈਪ ਅੱਜ ਇੱਕ ਹਿੱਸੇ ਤੋਂ ਟੁੱਟ ਗਈ ਤੇ ਪਾਣੀ ਦੀ ਨਿਕਾਸੀ ਬੰਦ ਹੋ ਗਈ। ਇਸ ਕਰਕੇ ਪਾਣੀ ਸੜਕਾਂ ਤੇ ਗਲੀਆਂ ਵਿੱਚ ਆ ਗਿਆ।
ਮੌਕੇ ’ਤੇ ਪੁੱਜੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਪਾਣੀ ਓਵਰਫਲੋਅ ਹੋਇਆ ਹੈ, ਤਾਂ ਉਹ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਬੁਲਾਇਆ ਤੇ ਉਥੇ ਕੰਮ ਸ਼ੁਰੂ ਕਰਵਾਇਆ।