ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟਿਆ
ਸ਼ਹਿਰ ਵਿੱਚ ਲਗਾਤਾਰ ਪੈ ਰਹੇ ਮੀਂਹ ਦਰਮਿਆਨ ਅੱਜ ਰਾਹਤ ਦੀ ਖ਼ਬਰ ਆਈ ਹੈ। ਖ਼ਤਰੇ ਦੇ ਨਿਸ਼ਾਨ ਦੇ ਨੇੜੇ ਚੱਲ ਰਿਹਾ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਹੁਣ ਘਟ ਗਿਆ ਹੈ। ਸਤਲੁਜ ’ਚ ਪਾਣੀ ਬੀਤੇ ਦਿਨ ਨਾਲੋਂ ਤਿੰਨ ਫੁੱਟ ਹੇਠ ਆ ਗਿਆ ਹੈ। ਖ਼ਤਰੇ ਦਾ ਪੱਧਰ 780 ਪੁਆਇੰਟ ’ਤੇ ਹੈ, ਜਦੋਂਕਿ ਮੰਗਲਵਾਰ ਨੂੰ ਪਾਣੀ 778 ਤੋਂ ਉੱਪਰ ਚਲਾ ਗਿਆ ਸੀ, ਜੋ ਬੁੱਧਵਾਰ ਸਵੇਰੇ 777 ’ਤੇ ਆ ਗਿਆ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਪ੍ਰੇਸ਼ਾਨੀ ਥੋੜ੍ਹੀ ਘੱਟ ਗਈ ਹੈ, ਹਾਲਾਂਕਿ ਖ਼ਤਰਾ ਹਾਲੇ ਖ਼ਤਮ ਨਹੀਂ ਹੋਇਆ। ਜੇਕਰ ਪਿੱਛੇ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਖ਼ਤਰਾ ਵਧ ਸਕਦਾ ਹੈ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵੀ ਘੱਟ ਗਿਆ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਹਾਲਾਂਕਿ, ਸਤਲੁਜ ਦਰਿਆ ਦੇ ਕੰਢੇ ਰਹਿਣ ਵਾਲੇ ਪਿੰਡ ਵਾਸੀ ਤਰਪਾਲਾਂ ਲੈ ਕੇ ਸੜਕਾਂ ’ਤੇ ਬੈਠੇ ਹਨ। ਪ੍ਰਸ਼ਾਸਨਿਕ ਅਧਿਕਾਰੀ ਸਤਲੁਜ ਦਰਿਆ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਅੱਜ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡਾਂ ਵਿੱਚ ਪਹੁੰਚੀਆਂ ਜਿੱਥੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਦਿੱਤੀਆਂ ਗਈਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਮੁਹੱਈਆ ਕਰਵਾਈਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਖ਼ਤਰਾ ਫਿਲਹਾਲ ਘਟ ਗਿਆ ਹੈ ਪਰ ਹਾਲੇ ਖਤਮ ਨਹੀਂ ਹੋਇਆ।
ਬੁੱਢਾ ਦਰਿਆ ਦੇ ਓਵਰਫਲੋਅ ਕਾਰਨ ਪ੍ਰਭਾਵਿਤ ਇਲਾਕੇ
ਬੁੱਢਾ ਨਾਲੇ ਦੇ ਓਵਰਫਲੋਅ ਕਾਰਨ ਕਈ ਨੀਵੇਂ ਇਲਾਕਿਆਂ ਦੇ ਘਰਾਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਦਾ ਫਰਨੀਚਰ, ਇਲੈਕਟ੍ਰਾਨਿਕ ਸਾਮਾਨ ਤੇ ਹੋਰ ਕਾਫ਼ੀ ਨੁਕਸਾਨ ਹੋਇਆ ਹੈ। ਢੋਕਾ ਮੁਹੱਲਾ, ਮਹਾਰਾਜਾ ਰਣਜੀਤ ਪਾਰਕ, ਕੋਟ ਮੰਗਲ ਸਿੰਘ ਨਗਰ ਅਤੇ ਧਰਮਪੁਰਾ ਵਰਗੇ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਖਾਸ ਕਰਕੇ ਗੰਦੇ ਨਾਲੇ ਵਿੱਚੋਂ ਨਿਕਲਣ ਵਾਲਾ ਕਾਲਾ ਅਤੇ ਬਦਬੂਦਾਰ ਪਾਣੀ, ਲੋਕਾਂ ਲਈ ਵੱਡੀ ਸਮੱਸਿਆ ਬਣ ਗਿਆ ਹੈ।
ਸਰਕਾਰੀ ਦਾਅਵਿਆਂ ਦੀ ਖੁੱਲ੍ਹੀ ਪੋਲ
ਸ਼ਹਿਰ ਵਿੱਚ ਰਿਕਾਰਡਤੋੜ ਵਿਕਾਸ ਕਾਰਜ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੀ ਪੋਲ ਖੁੱਲ੍ਹ ਗਈ ਹੈ। ਨਗਰ ਨਿਗਮ ਲਗਾਤਾਰ ਦਾਅਵਾ ਕਰਦਾ ਰਿਹਾ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਸਫ਼ਾਈ ਦੇ ਨਾਲ-ਨਾਲ ਬੁੱਢਾ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਕਈ ਥਾਵਾਂ ’ਤੇ ਸਫ਼ਾਈ ਕੀਤੀ ਗਈ ਹੈ ਪਰ ਸੱਚਾਈ ਹੁਣ ਸਾਹਮਣੇ ਆ ਗਈ ਹੈ। ਤਿੰਨ ਦਿਨਾਂ ਬਾਅਦ ਵੀ ਕਈ ਇਲਾਕਿਆਂ ਵਿੱਚੋਂ ਸੀਵਰੇਜ ਦਾ ਪਾਣੀ ਨਹੀਂ ਕੱਢਿਆ ਗਿਆ। ਸ਼ਿਵਪੁਰੀ ਮੇਨ ਰੋਡ ਹੋਵੇ ਜਾਂ ਬੁੱਢਾ ਦਰਿਆ ਦੇ ਕੰਢਿਆਂ ਨੂੰ ਜਾਣ ਵਾਲੀਆਂ ਸੜਕਾਂ ਦੇ ਕਈ ਹਿੱਸੇ, ਉੱਥੋਂ ਹਾਲੇ ਤੱਕ ਪਾਣੀ ਨਹੀਂ ਕੱਢਿਆ ਗਿਆ।