ਬੇਮੌਸਮੀ ਬਰਸਾਤ ਤੇ ਮੌਸਮ ਦੀ ਤਬਦੀਲੀ ਕਰਕੇ ਝੋਨੇ ਨੂੰ ਹਲਦੀ ਰੋਗ ਲੱਗਿਆ ਤੇ ਝਾੜ ਘੱਟ ਹੋ ਗਿਆ ਜਿਸ ਕਰਕੇ ਕਿਸਾਨਾਂ ਨੂੰ ਹੋਰ ਵਿੱਤੀ ਨੁਕਸਾਨ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਲਈ ਸਰਕਾਰ ਝੋਨੇ ਲਈ ਮੁਆਵਜ਼ੇ ਦਾ ਐਲਾਨ ਕਰੇ ਨਾਲ ਹੀ ਫੌਰੀ ਤੌਰ ’ਤੇ ਝੋਨੇ ਵਿੱਚ ਨਮੀ ਦੀ ਨਿਰਧਾਰਤ ਮਾਤਰਾ ਸਤਾਰਾਂ ਤੋਂ ਵਧਾ ਕੇ ਵੀਹ ਫ਼ੀਸਦ ਕੀਤੀ ਜਾਵੇ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਤਲਵੰਡੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਹ ਮੰਗ ਕੀਤੀ ਗਈ। ਭਾਰੀ ਬਰਸਾਤਾਂ ਤੇ ਭਿਆਨਕ ਹੜ੍ਹਾਂ ਕਾਰਨ ਖੇਤੀ ਖੇਤਰ ਵਿੱਚ ਪੈਦਾ ਹੋਈ ਪ੍ਰਸਥਿਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਥੇਬੰਦੀ ਦੇ ਆਗੂਆਂ ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਗੁਰਮੇਲ ਸਿੰਘ ਢੱਟ, ਗੁਰਸੇਵਕ ਸਿੰਘ ਸਵੱਦੀ, ਜਸਵੰਤ ਸਿੰਘ ਮਾਨ ਨੇ ਵਿਸਥਾਰ ਵਿੱਚ ਨਿਗਰ ਵਿਚਾਰ ਤੇ ਠੋਸ ਸੁਝਾਅ ਪੇਸ਼ ਕੀਤੇ। ਉਪਰੰਤ ਆਮ ਸਹਿਮਤੀ ਨਾਲ ਹੇਠ ਅਹਿਮ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਰਾਹੀਂ ਬਾਰਸ਼ਾਂ ਤੇ ਭਿਆਨਕ ਹੜ੍ਹਾਂ ਦੇ ਸਿੱਟੇ ਵਜੋਂ ਹੋਈਆਂ ਵਾਤਾਵਰਣ ਤਬਦੀਲੀਆਂ ਕਾਰਨ ਝੋਨੇ ਨੂੰ ਲੱਗੀਆਂ ਬਿਮਾਰੀਆਂ ਹਲਦੀ ਰੋਗ, ਬੌਨੇ ਵਾਇਰਸ ਦੇ ਸਿੱਟੇ ਵਜੋਂ ਬਾਸਮਤੀ ਕਿਸਮ ਦਾ ਪਹਿਲੇ ਔਸਤ ਝਾੜ 20-22 ਕੁਇੰਟਲ ਪ੍ਰਤੀ ਏਕੜ ਦੀ ਬਜਾਏ 15-16 ਕੁਇੰਟਲ ਪ੍ਰਤੀ ਏਕੜ ਰਹਿ ਜਾਣ। ਇਸੇ ਤਰ੍ਹਾਂ ਝੋਨੇ ਦੀਆਂ ਬਾਕੀ ਕਿਸਮਾਂ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਤੋਂ ਘਟ ਕੇ 20-25 ਕੁਇੰਟਲ ਪ੍ਰਤੀ ਏਕੜ ਰਹਿ ਗਿਆ ਹੈ। ਇਸ ਕੁਦਰਤੀ ਕਹਿਰ ਵਿੱਚ ਕਿਸਾਨ ਦਾ ਕੋਈ ਦੋਸ਼ ਨਹੀਂ ਹੈ। ਭਾਰੀ ਆਰਥਿਕ ਸੰਕਟ ਵਿੱਚ ਡੁੱਬ ਰਹੀ ਕਿਸਾਨੀ ਨੂੰ ਬਾਹਰ ਕੱਢਣ ਲਈ ਤੇ ਬਚਾਉਣ ਲਈ ਪੰਜਾਬ ਤੇ ਕੇਂਦਰ ਸਰਕਾਰਾਂ ਪਾਸੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਅੰਨਦਾਤਾ ਦੇ ਉਪਰੋਕਤ ਘਾਟੇ ਦੀ ਮੁਕੰਮਲ ਪੂਰਤੀ ਲਈ ਕਿਸਾਨ ਖਾਤਿਆਂ ਵਿੱਚ ਬਣਦੀ ਕੀਮਤ ਦੇ ਨਾਲੋ ਨਾਲ ਪੂਰਾ ਮੁਆਵਜ਼ਾ ਲਾਜ਼ਮੀ ਅਦਾ ਕੀਤਾ ਜਾਵੇ। ਦੂਜੇ ਮਤੇ ਰਾਹੀਂ ਮੌਸਮੀ ਤਬਦੀਲੀ ਕਾਰਨ ਵਧੀ ਹੋਈ ਸਿੱਲ੍ਹ ਦੇ ਵਰਤਾਰੇ ਕਾਰਨ ਸਿੱਲ੍ਹ ਦਾ ਫਾਰਮੂਲਾ 17 ਫ਼ੀਸਦ ਤੋਂ ਵਧਾ ਕੇ 20 ਫ਼ੀਸਦ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧੀ ਸ਼ੈਲਰਾਂ ਦੇ ਸੰਭਾਵੀ ਘਾਟੇ ਦੀ ਪੂਰਤੀ ਦੋਨੋਂ ਸਰਕਾਰਾਂ ਵਲੋਂ ਕੀਤੀ ਜਾਵੇ। ਪੰਜਾਬ ਦੀਆਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਇਸ ਬਾਰੇ ਸ਼ੈਲਰ ਮਾਲਕਾਂ ਨੂੰ ਆੜ੍ਹਤੀਆਂ ਨਾਲ ਮਿਲ ਕੇ ਕਿਸਾਨਾਂ ਦੀਆਂ ਬੋਰੀਆਂ 'ਤੇ ਜਿਣਸ ਰੂਪੀ ਜਾਂ ਨਕਦੀ ਰੂਪੀ ਕਦਾਚਿੱਤ ਵੀ ਕੱਟ ਲਾਉਣ ਦੀ ਆਗਿਆ ਨਹੀਂ ਦੇਣਗੀਆਂ, ਬਲਕਿ ਤਿੱਖਾ ਘੋਲ ਲੜਨਗੀਆਂ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਸਵੱਦੀ, ਹਰਪਾਲ ਸਿੰਘ ਸਵੱਦੀ, ਮੋਦਨ ਸਿੰਘ ਕੁਲਾਰ, ਤੇਜਿੰਦਰ ਸਿੰਘ ਬਿਰਕ, ਅਮਰਜੀਤ ਸਿੰਘ ਸੇਖੋਂ, ਅਮਰਜੀਤ ਸਿੰਘ ਖੰਜਰਵਾਲ, ਲਛਮਣ ਸਿੰਘ ਸਿੱਧਵਾਂ, ਨਛੱਤਰ ਸਿੰਘ ਤਲਵੰਡੀ, ਗੁਰਚਰਨ ਸਿੰਘ ਹਾਜ਼ਰ ਹੋਏ।
+
Advertisement
Advertisement
Advertisement
Advertisement
Advertisement
×