ਰਾਸ਼ਨ ਤੇ ਪੈਸਿਆਂ ਜ਼ਰੀਏ ਵੋਟਾਂ ਖਰੀਦਣ ਦਾ ਕੰਮ ਸ਼ੁਰੂ
ਗਗਨਦੀਪ ਅਰੋੜਾ
ਲੁਧਿਆਣਾ, 17 ਜੂਨ
ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋ ਗਿਆ। ਮਗਰੋਂ ਵੋਟਾਂ ਦੇ ਜੋੜ ਤੋੜ ਦਾ ਕੰਮ ਸ਼ੁਰੂ ਹੋ ਗਿਆ। ਸ਼ਹਿਰ ਵਿੱਚ ਕਈ ਥਾਈਂ ਰਾਸ਼ਨ ਤੇ ਪੈਸਿਆਂ ਨਾਲ ਵੋਟਾਂ ਪੱਕੀਆਂ ਕਰਨ ਦਾ ਕੰਮ ਵੀ ਨਾਲ ਹੀ ਸ਼ੁਰੂ ਹੋ ਗਿਆ। ਹਲਕੇ ਵਿੱਚ ਭਾਵੇਂ ਸ਼ਹਿਰ ਦਾ ਅਮੀਰ ਤਬਕਾ ਰਹਿੰਦਾ ਹੈ, ਪਰ ਉਥੇ ਹੀ ਕੁੱਝ ਖੇਤਰ ਅਜਿਹੇ ਹਨ, ਜਿਥੇ ਹਰ ਵਾਰ ਰਾਸ਼ਨ, ਪੈਸੇ ਤੇ ਸ਼ਰਾਬ ਦੇ ਨਾਲ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲੇ ਵੋਟਾਂ ਨੂੰ 24 ਘੰਟੇ ਦਾ ਸਮਾਂ ਪਿਆ ਹੈ। ਇਸ ਕਰਕੇ ਅਜੇ ਵੋਟਰਾਂ ਲਈ ਰਾਸ਼ਨ ਤੇ ਸਕੂਲੀ ਕਿਤਾਬਾਂ ਕਾਪੀਆਂ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ।
ਸ਼ਹਿਰ ਵਿੱਚ ਹੈਬੋਵਾਲ, ਸੁਨੇਤ, ਜਵਾਹਰ ਨਗਰ ਕੈਂਪ ਆਦਿ ਵਿੱਚ ਰਾਸ਼ਨ ਵੰਡਣ ਦੀ ਚਰਚਾ ਹੈ। ਮੰਗਲਵਾਰ ਦੁਪਹਿਰੇ ਥਾਣਾ ਹੈਬੈਵਾਲ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਕੁਝ ਲੋਕ ਲੋਕਾਂ ਤੋਂ ਵੋਟਾਂ ਲੈਣ ਲਈ ਰਾਸ਼ਨ ਤੇ ਸਾੜੀਆਂ ਵੰਡ ਰਹੇ ਹਨ। ਪੁਲੀਸ ਨੇ ਮੌਕੇ ’ਤੇ ਗੋਪਾਲ ਨਗਰ ਇਲਾਕੇ ਵਿੱਚ ਜਾ ਕੇ ਕਾਰ ਨੂੰ ਕਾਬੂ ਕੀਤਾ। ਹਾਲਾਂਕਿ, ਕਾਰ ਚਲਾਉਣ ਵਾਲਾ ਪੁਲੀਸ ਨੂੰ ਦੇਖ ਕੇ ਫ਼ਰਾਰ ਹੋ ਗਿਆ। ਪੁਲੀਸ ਨੂੰ ਕਾਰ ਵਿੱਚੋਂ ਕਾਲੇ ਰੰਗ ਵਿੱਚ ਬਣੀਆਂ ਰਾਸ਼ਨ ਦੀਆਂ ਕਈ ਕਿੱਟਾਂ ਮਿਲੀਆਂ ਹਨ। ਇਸ ਵਿੱਚ ਸਰ੍ਹੋਂ ਦਾ ਤੇਲ, ਦਾਲਾਂ ਤੇ ਬਾਕੀ ਸਾਮਾਨ ਹੈ। ਪੁਲੀਸ ਕਾਰ ਦੇ ਨੰਬਰ ਤੋਂ ਉਸ ਦੇ ਮਾਲਕ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਰਾਸ਼ਨ ਕਾਂਗਰਸੀ ਉਮੀਦਵਾਰ ਦੇ ਸਮਰਥਕ ਵੱਲੋਂ ਵੰਡਿਆ ਜਾ ਰਿਹਾ ਸੀ। ਉਧਰ, ਸੋਸ਼ਲ ਮੀਡੀਆ ’ਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੀਆਂ ਵੀ ਫੋਟੋਆਂ ਲੱਗੀਆਂ ਕਈ ਕਿੱਟਾਂ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਸਾੜੀਆਂ, ਬੈਗ, ਪੈਨਸਿਲ ਬਾਕਸ ਸਣੇ ਕਈ ਆਈਟਮਾਂ ਹਨ।