ਵਿਸ਼ਵਕਰਮਾ ਐਜੂਕੇਸ਼ਨਲ ਵੈੱਲਫੇਅਰ ਸਭਾ ਵੱਲੋਂ ਸਾਲਾਨਾ ਉਤਸਵ 22 ਨੂੰ
ਕੈਬਨਿਟ ਮੰਤਰੀ ਸੌਂਦ ਹੋਣਗੇ ਮੁੱਖ ਮਹਿਮਾਨ; ਤਿਆਰੀਆਂ ਸਬੰਧੀ ਡਿੳੂਟੀਆਂ ਲਾਈਆਂ
ਇਥੋਂ ਦੀ ਨਵੀਂ ਅਬਾਦੀ ਸਥਿਤ ਵਿਸ਼ਵਕਰਮਾ ਮੰਦਰ ਵਿੱਚ ਵਿਸ਼ਵਕਰਮਾ ਐਜੂਕੇਸ਼ਨਲ ਵੈਲਫੇਅਰ ਸਭਾ ਦੇ ਮੈਬਰਾਂ ਦੀ ਇੱਕਤਰਤਾ ਬਲਵਿੰਦਰ ਸਿੰਘ ਸੌਂਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭਾ ਵੱਲੋਂ ਵੱਖ ਵੱਖ ਐਸੋਸ਼ੀਏਸ਼ਨਾਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਾ 66ਵਾਂ ਸਾਲਾਨਾ ਉਤਸਵ 22 ਅਕਤੂਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੀਟਿੰਗ ਵਿਚ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਵੱਖ-ਵੱਖ ਸਬ-ਕਮੇਟੀਆਂ ਬਣਾ ਕੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਬਾਰੇ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ 22 ਅਕਤੂਬਰ ਨੂੰ ਤੜਕੇ ਮੂਰਤੀ ਇਸ਼ਨਾਨ ਉਪਰੰਤ ਹਵਨ ਯੱਗ ਜਤਿੰਦਰ ਸਿੰਘ ਸੋਹਲ ਦੇ ਪਰਿਵਾਰ ਵੱਲੋਂ ਆਰੰਭ ਕਰਵਾਇਆ ਜਾਵੇਗਾ ਅਤੇ ਬਿਕਰਮਜੀਤ ਸਿੰਘ ਲੋਟੇ ਪੂਰਨ ਆਹੂਤੀ ਦੀ ਰਸਮ ਨਿਭਾਉਣਗੇ।
ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪੁੱਜਣਗੇ ਜਦੋਂ ਕਿ ਝੰਡੇ ਦੀ ਰਸਮ ਕਰਤਾਰ ਕੰਬਾਇਨ-ਭਾਦਸੋਂ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਅਦਾ ਕਰਨਗੇ। ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਈਓ ਚਰਨਜੀਤ ਸਿੰਘ ਉੱਭੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ। ਇਸ ਮੌਕੇ ਖੂਨਦਾਨ ਕੈਂਪ ਦਾ ਉਦਘਾਟਨ ਬਲਵਿੰਦਰ ਸਿੰਘ ਧੰਜਲ ਵੱਲੋਂ ਕੀਤਾ ਜਾਵੇਗਾ ਅਤੇ ਕਥਾ ਵਾਚਕ ਅੰਤਰ ਰਾਸ਼ਟਰੀ ਰਫੀ ਐਵਾਰਡ ਜੇਤੂ ਤਰਲੋਕ ਧੀਮਾਨ (ਸੁਨਾਮ ਵਾਲੇ) ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਹਰਜੀਤ ਸਿੰਘ ਸੋਹਲ, ਹਰਮੇਸ਼ ਲੋਟੇ, ਆਦਰਸ਼ ਕੁਮਾਰ ਭੇਲੇ, ਗੁਰਪ੍ਰੀਤ ਦੇਵਗਨ, ਗੁਰਚਰਨ ਸਿੰਘ ਵਿਰਦੀ, ਪਰਮਜੀਤ ਸਿੰਘ ਧੀਮਾਨ, ਨਰਿੰਦਰ ਮਾਨ, ਬਲਜਿੰਦਰ ਸਿੰਘ ਜੰਡੂ, ਪੂਰਨ ਸਿੰਘ ਲੋਟੇ, ਲੱਕੀ ਧੀਮਾਨ ਹਾਜ਼ਰ ਸਨ।