DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੁੱਸੀ ਬੰਨ੍ਹ ਨੂੰ ਬਚਾਉਣ ਲਈ ਜੁਟੇ ਪਿੰਡਾਂ ਦੇ ਲੋਕ

ਪਿੰਡ ਦੇ ਨੌਜਵਾਨਾਂ ਨੇ ਮੋਰਚਾ ਸਾਂਭਿਆ; ਆਪਣੇ ਵਰਕਰਾਂ ਨਾਲ ਪੁੱਜੇ ਵਿਧਾਇਕ ਦਿਆਲਪੁਰਾ
  • fb
  • twitter
  • whatsapp
  • whatsapp
Advertisement

ਲੁਧਿਆਣਾ ਜ਼ਿਲ੍ਹੇ ਦੇ ਆਖਰੀ ਪਿੰਡ ਸ਼ੇਰਗੜ੍ਹ ਅਤੇ ਰੋਪੜ ਜ਼ਿਲ੍ਹੇ ਦੇ ਪਹਿਲੇ ਪਿੰਡ ਫੱਸੇ ਨੇੜੇ ਸਤਲੁਜ ਦਰਿਆ ਦੇ ਪਾਣੀ ਨੇ ਧੁੱਸੀ ਬੰਨ੍ਹ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਦੋਵੇਂ ਜ਼ਿਲ੍ਹਿਆਂ ਦੇ ਪਿੰਡਾਂ ਦੇ ਸੈਂਕੜੇ ਲੋਕ ਇਸ ਨੂੰ ਬਚਾਉਣ ਲਈ ਜੁਟੇ ਹਨ। ਪ੍ਰਸ਼ਾਸਨ ਨੂੰ ਬੀਤੀ ਸ਼ਾਮ ਸੂਚਨਾ ਮਿਲ ਗਈ ਸੀ ਕਿ ਸਤਲੁਜ ਦਰਿਆ ਦਾ ਪਾਣੀ ਪਿੰਡ ਫੱਸੇ ਨੇੜੇ ਧੁੱਸੀ ਬੰਨ੍ਹ ਨੂੰ ਢਾਹ ਲਗਾ ਰਿਹਾ ਹੈ। ਕੱਲ੍ਹ ਕੁਝ ਪਿੰਡਾਂ ਦੇ ਲੋਕਾਂ ਵਲੋਂ ਦਰੱਖਤ ਸੁੱਟ ਅਤੇ ਹੋਰ ਹੰਭਲੇ ਮਾਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਬੰਨ੍ਹ ਤੇ ਇੱਥੇ ਲੱਗੀ ਮਜ਼ਬੂਤ ਠੋਕਰ ਨੂੰ ਖੋਰਾ ਲਗਾਉਂਦਾ ਜਾ ਰਿਹਾ ਸੀ। ਰਾਤ ਲੁਧਿਆਣਾ ਤੇ ਰੋਪੜ ਜ਼ਿਲ੍ਹੇ ਦੇ ਪਿੰਡਾਂ ਵਿਚ ਅਨਾਊਂਸਮੈਂਟਾਂ ਹੋ ਗਈਆਂ ਕਿ ਲੋਕ ਵੱਡੇ ਪੱਧਰ ’ਤੇ ਇਕੱਠੇ ਹੋਣ ਤਾਂ ਜੋ ਧੁੱਸੀ ਬੰਨ੍ਹ ਵਿਚ ਪਾੜ ਪੈਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਰੋਪੜ ਤੇ ਲੁਧਿਆਣਾ ਜ਼ਿਲ੍ਹੇ ਦਾ ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਗਿਆ, ਇੱਥੋਂ ਤੱਕ ਫੌਜ ਦੇ ਜਵਾਨ ਵੀ ਪਿੰਡਾਂ ਦਾ ਸਾਥ ਦੇਣ ਲਈ ਰਾਹਤ ਕਾਰਜਾਂ ਵਿਚ ਜੁਟ ਗਏ। ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਸੀ ਕਿ ਜੇਕਰ ਧੁੱਸੀ ਬੰਨ੍ਹ ਵਿਚ ਪਾੜ ਪੈ ਗਿਆ ਤਾਂ ਦੋਵੇਂ ਜ਼ਿਲ੍ਹਿਆਂ ਦੇ ਪਿੰਡਾਂ ਦਾ ਭਾਰੀ ਨੁਕਸਾਨ ਹੋਵੇਗਾ, ਇਸ ਲਈ ਅੱਜ ਸਾਰੇ ਇਕੱਠੇ ਹੋ ਕੇ ਰਾਹਤ ਕਾਰਜਾਂ ਵਿਚ ਲੱਗ ਗਏ। ਹਲਕਾ ਸਮਰਾਲਾ ਦੇ ਵਿਧਾਇਕ ਜਗਾਤਰ ਸਿੰਘ ਦਿਆਲਪੁਰਾ, ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਹੋਰ ‘ਆਪ’ ਵਰਕਰ ਵੀ ਪਿੰਡ ਫੱਸੇ ਵਿਖੇ ਧੁੱਸੀ ਬੰਨ੍ਹ ’ਤੇ ਪੁੱਜੇ ਅਤੇ ਆਪ ਪਿੰਡਾਂ ਦੇ ਲੋਕਾਂ ਨਾਲ ਜੁਟ ਕੇ ਬੋਰੀਆਂ ਚੁੱਕ ਕੇ ਧੁੱਸੀ ਬੰਨ੍ਹ ਬਚਾਉਣ ਵਿਚ ਲੱਗੇ ਰਹੇ। ਵਿਧਾਇਕ ਨੇ ਕਿਹਾ ਕਿ ਬੇਸ਼ੱਕ ਮਾਛੀਵਾੜਾ ਨੇੜੇ ਪਿੰਡ ਧੁੱਲੇਵਾਲ ਦਾ ਧੁੱਸੀ ਬੰਨ੍ਹ ਅਜੇ ਖ਼ਤਰੇ ਤੋਂ ਬਾਹਰ ਹੈ ਜਿੱਥੇ ਰਾਹਤ ਕਾਰਜ ਜਾਰੀ ਹਨ ਪਰ ਜੇਕਰ ਪਿੰਡ ਫੱਸੇ ਦਾ ਧੁੱਸੀ ਬੰਨ੍ਹ ਟੁੱਟਿਆ ਤਾਂ ਇਹ ਰੋਪੜ ਦੇ ਨਾਲ ਬਲਾਕ ਮਾਛੀਵਾੜਾ ਦੇ ਕਈ ਪਿੰਡਾਂ ਨੂੰ ਨੁਕਸਾਨ ਪਹੁੰਚਾਵੇਗਾ, ਇਸ ਲਈ ਇਹ ਬੰਨ੍ਹ ਬਚਾਉਣਾ ਵੀ ਬਹੁਤ ਜ਼ਰੂਰੀ ਹੈ। ਪਿੰਡ ਫੱਸੇ ਵਿਚ ਧੁੱਸੀ ਬੰਨ੍ਹ ਨੂੰ ਬਚਾਉਣ ਤੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਧਾਰਮਿਕ ਸੰਸਥਾਵਾਂ ਦੇ ਆਗੂ ਵੀ ਮੌਕੇ ’ਤੇ ਪੁੱਜੇ। ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਤੋਂ ਬਾਬਾ ਲੱਖਾ ਸਿੰਘ ਕਾਰ ਸੇਵਾ ਵਾਲੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਧੁੱਸੀ ਬੰਨ੍ਹ ਲਈ ਬੋਰੇ ਲਗਾ ਰਹੇ ਸਨ ਉੱਥੇ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ। ਇਸ ਲਈ ਸ਼ੇਰਪੁਰ ਤੋਂ ਬਾਬਾ ਦੀਪਾ ਫਲਾਹੀ ਵਾਲੇ ਵੀ ਰਾਹਤ ਕਾਰਜਾਂ ਵਿਚ ਜੁਟੇ ਦਿਖਾਈ ਦਿੱਤੇ। ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਸੈਂਕੜੇ ਪਿੰਡ ਵਾਸੀਆਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਸਨ।

ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟ ਕੇ 70 ਹਜ਼ਾਰ ਕਿਊਸਿਕ ’ਤੇ ਪੁੱਜਾ

Advertisement

ਇੱਥੇ ਦੋ ਦਿਨ ਦੀ ਬਾਰਿਸ਼ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ 1.25 ਲੱਖ ਕਿਊਸਿਕ ’ਤੇ ਪੁੱਜ ਚੁੱਕਾ ਸੀ ਜੋ ਕਿ ਹੁਣ ਘਟ ਕੇ 70 ਹਜ਼ਾਰ ਕਿਊਸਿਕ ’ਤੇ ਰਹਿ ਗਿਆ ਹੈ। ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਕੁਝ ਰਾਹਤ ਦਿਖਾਈ ਦਿੱਤੀ। ਜੇਕਰ ਬਾਰਿਸ਼ ਰੁਕ ਗਈ ਤਾਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਮੰਡਰਾ ਰਿਹਾ ਖਤਰਾ ਟਲ ਜਾਵੇਗਾ।

ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਸੁਰੱਖਿਅਤ: ਐੱਸਐੱਸਪੀ

ਇੱਥੋਂ ਨੇੜਲੇ ਸਤਲੁਜ ਦਰਿਆ ਦੇ ਨਾਜ਼ੁਕ ਸਥਾਨ ਪਿੰਡ ਧੁੱਲੇਵਾਲ ਦੇ ਧੁੱਸੀ ਬੰਨ੍ਹ ਦਾ ਅੱਜ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ ਐੱਸਪੀ ਡਾ ਜੋਤੀ ਯਾਦਵ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹ ਪਿੰਡਾਂ ਦੀਆਂ ਔਰਤਾਂ ਨਾਲ ਮਿਲੇ ਅਤੇ ਉਨ੍ਹਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਲਈ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ’ਤੇ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਛੀਵਾੜਾ ਨੇੜਲਾ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕੁਝ ਘਟਿਆ ਹੈ ਅਤੇ ਜਿੱਥੇ ਵੀ ਜ਼ਮੀਨ ਨੂੰ ਖੋਰਾ ਲੱਗਿਆ ਹੈ ਉੱਥੇ ਫਿਰ ਤੋਂ ਮਜ਼ਦੂਰਾਂ ਵਲੋਂ ਬੋਰੀਆਂ ਲਗਾਉਣ ਦਾ ਕੰਮ ਜਾਰੀ ਰੱਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੁਲੀਸ ਜ਼ਿਲ੍ਹਾ ਖੰਨਾ ਦੀ ਹੱਦ ਖਤਮ ਹੁੰਦਿਆਂ ਹੀ ਰੋਪੜ ਜ਼ਿਲ੍ਹੇ ਦੀ ਸ਼ੁਰੂਆਤ ’ਤੇ ਪਿੰਡ ਫੱਸੇ ਵਿਖੇ ਵੀ ਸਤਲੁਜ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਗਾ ਰਿਹਾ ਹੈ ਪਰ ਉੱਥੇ ਵੀ ਵੱਡੇ ਪੱਧਰ ’ਤੇ ਰਾਹਤ ਕਾਰਜ ਜਾਰੀ ਹਨ ਤਾਂ ਜੋ ਬੰਨ੍ਹ ਨੂੰ ਕੋਈ ਨੁਕਸਾਨ ਨਾ ਹੋਵੇ।

Advertisement
×