ਅੱਜ ਇਥੇ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪੰਚਾਇਤੀ ਵਿਭਾਗ ਵਿੱਚ ਹੋਏ ਕਥਿਤ ਘਪਲੇ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ, ਪੰਚਾਇਤ ਵਿਭਾਗ ਵਿੱਚ ਸਟੇਸ਼ਨਰੀ ਦੇ ਨਾ ’ਤੇ ਹਰ ਪੰਚਾਇਤ ਤੋਂ 7 ਹਜ਼ਾਰ ਰੁਪਏ ਲੈ ਰਹੀ ਹੈ ਜਦੋਂ ਕਿ ਦਿੱਤੀ ਸਟੇਸ਼ਨਰੀ ਦੀ ਕੀਮਤ 700 ਰੁਪਏ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ ਜਦੋਂ ਕਿ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਕੋਲ ਪੰਚਾਇਤ ਵਿਭਾਗ ਹੈ। ਪੂਰੇ ਪੰਜਾਬ ਦੀਆਂ ਪੰਚਾਇਤਾਂ ਤੋਂ 7 ਹਜ਼ਾਰ ਰੁਪਏ ਦੇ ਕਰੀਬ ਚੈੱਕ ਲਏ ਗਏ ਹਨ ਅਤੇ ਪੰਜਾਬ ਵਿੱਚ ਲਗਪਗ 13 ਹਜ਼ਾਰ ਪੰਚਾਇਤਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਰੰਭ ਕੀਤੀ ਹੈ ਪਰ ਖੰਨਾ ਵਿਚ ਇਸ ਮੁਹਿੰਮ ਤਹਿਤ ਯੁੱਧ ਵਿਰੋਧੀਆਂ ਵਿਰੁੱਧ ਅਰੰਭਿਆ ਹੋਇਆ ਹੈ। ਮੁਹਿੰਮ ਦੇ ਨਾਂਅ ’ਤੇ ਪੰਚਾਇਤਾਂ ਤੋਂ ਟੀ-ਸ਼ਰਟਾਂ, ਬੈਂਡ, ਟੋਪੀਆਂ ਅਤੇ ਬੈਨਰ ਬਣਾਉਣ ਲਈ 15 ਹਜ਼ਾਰ ਰੁਪਏ ਲਏ ਗਏ ਹਨ ਜਦੋਂ ਕਿ ਇਕ ਪਿੰਡ ’ਚ ਵਰਤਿਆਂ ਉਕਤ ਸਾਮਾਨ ਦੂਜੇ ਪਿੰਡ ਵਿੱਚ ਲਿਜਾਇਆ ਜਾਂਦਾ ਹੈ। ਕੋਟਲੀ ਨੇ ਮੰਗ ਕੀਤੀ ਕਿ ਦੋਵਾਂ ਮਾਮਲਿਆਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਉਨ੍ਹਾਂ ਸਰਕਾਰ ਤੋਂ ਪੰਚਾਇਤੀ ਵਿਭਾਗ ਸਬੰਧੀ ਮਾਮਲੇ ਵਿਚ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਸਬੰਧਤ ਵਿਭਾਗ ਦੇ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਪੰਜਾਬ ਦਾ ਮੁੱਦਾ ਬਣਾ ਕੇ ਹਾਈਕਮਾਂਡ ਨਾਲ ਗੱਲਬਾਤ ਰਾਹੀਂ ਇਕ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਵਿਕਾਸ ਮਹਿਤਾ, ਕੌਂਸਲਰ ਅਮਰੀਸ਼ ਕਾਲੀਆ, ਰਾਜੀਵ ਰਾਏ ਮਹਿਤਾ, ਹਰਜਿੰਦਰ ਸਿੰਘ ਇਕੋਲਾਹਾ, ਨਰਿੰਦਰ ਬੌਬੀ ਆਦਿ ਹਾਜ਼ਰ ਸਨ।
ਡੱਬੀ:::ਮਾਮਲੇ ਦੀ ਜਾਂਚ 15 ਦਿਨਾਂ ਤੋਂ ਜਾਰੀ: ਸੌਂਦ
ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ੀਰੋ ਟਾਲਰੈਂਸ ਨੀਤੀ ਤਹਿਤ ਹੀ ਕੰਮ ਕਰਕੇ ਭ੍ਰਿਸ਼ਟ ਕਾਂਗਰਸੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਕੋਟਲੀ ਜਿਹੜੇ ਦੋਸ਼ ਲਾ ਰਹੇ ਹਨ ਇਸ ਸਬੰਧੀ ਉਨ੍ਹਾਂ ਨੇ 15 ਦਿਨ ਪਹਿਲਾਂ ਹੀ ਸਟੇਸ਼ਨਰੀ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਸ ਮਾਮਲੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਬਖਸ਼ਿਆ ਨਹੀਂ ਜਾਵੇਗਾ।