ਵਿਜੀਲੈਂਸ ਨੇ ਹੀਰੋ ਬੇਕਰੀ ਦੀ ਸਾਰੀ ਫਾਈਲ ਮੰਗੀ
ਸਰਕਾਰੀ ਥਾਂ ’ਤੇ ਬਿਲਡਿੰਗ ਬਣਾਉਣ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਬਿਲਡਿੰਗ ਬਣਾਉਣ ਦਾ ਦੋਸ਼
ਮਲਹਾਰ ਰੋਡ ਸਥਿਤ ਹੀਰੋ ਬੇਕਰੀ ਦਾ ਸਮਲਾ ਭਖਦਾ ਜਾ ਰਿਹਾ ਹੈ। ਹੀਰੋ ਬੇਕਰੀ ਮਾਲਕ ’ਤੇ ਨਗਰ ਨਿਗਮ ਦੀ ਸੀਲਿੰਗ ਤੋੜਨ ਦੀ ਐੱਫ ਆਈ ਆਰ ਤੋਂ ਬਾਅਦ ਹੁਣ ਨਿਗਮ ਨੇ ਵਿਜੀਲੈਂਸ ਨੂੰ ਇਸ ਮਾਮਲੇ ਸਬੰਧੀ ਸਾਰੇ ਦਸਤਾਵੇਜ਼ ਭੇਜ ਦਿੱਤੇ ਹਨ। ਹੁਣ ਹੀਰੋ ਬੇਕਰੀ ਖ਼ਿਲਾਫ਼ ਵੱਡੀ ਕਾਰਵਾਈ ਦੀ ਚਰਚਾ ਹੈ। ਨਗਰ ਨਿਗਮ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬਿਲਡਿੰਗ ਦਾ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ। ਇੰਨਾ ਹੀ ਨਹੀਂ, ਬਿਲਡਿੰਗ ਦਾ ਕੁਝ ਹਿੱਸਾ ਸਰਕਾਰੀ ਥਾਂ ’ਤੇ ਵੀ ਬਣਾਇਆ ਹੋਇਆ ਹੈ। ਦੱਸਣਯੋਗ ਹੈ ਕਿ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਬੇਕਰੀਆਂ ਵਿੱਚੋਂ ਇੱਕ ਹੀਰੋ ਬੇਕਰੀ ਨੂੰ ਨਗਰ ਨਿਗਮ ਨੇ ਸਤੰਬਰ 2023 ਵਿੱਚ ਸੀਲ ਕਰ ਦਿੱਤਾ ਸੀ। ਨਿਗਮ ਦੀ ਇਜਾਜ਼ਤ ਤੋਂ ਬਿਨਾਂ ਦੁਕਾਨ ਮਾਲਕਾਂ ਨੇ ਸੀਲ ਤੋੜ ਕੇ ਦੁਕਾਨ ਖੋਲ੍ਹ ਦਿੱਤੀ ਸੀ। ਦੋ ਸਾਲ ਬਾਅਦ, ਜਦੋਂ ਕਿਸੇ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿੱਚ ਵਿਜੀਲੈਂਸ ਨੇ ਨਗਰ ਨਿਗਮ ਕੋਲੋਂ ਰਿਪੋਰਟ ਮੰਗੀ ਤਾਂ ਨਗਰ ਨਿਗਮ ਦੇ ਅਫ਼ਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਨਗਰ ਨਿਗਮ ਦੇ ਅਫ਼ਸਰਾਂ ਨੇ ਆਪਣੇ ਪੁਰਾਣੇ ਕਾਗਜ਼ਾਤਾਂ ਦੇ ਆਧਾਰ ’ਤੇ ਪੁਲੀਸ ਕਮਿਸ਼ਨਰ ਨੂੰ ਚਿੱਠੀ ਲਿਖ ਇਸ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰਨ ਦੀ ਗੁਜ਼ਾਰਿਸ਼ ਕੀਤੀ। ਬੀਤੇ 25 ਅਕਤੂਬਰ ਨੂੰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਦੀ ਸ਼ਿਕਾਇਤ ’ਤੇ ਹੀਰੋ ਬੇਕਰੀ ਦੇ ਮਾਲਕ ਵਿਰੁੱਧ ਐੱਫ ਆਈ ਆਰ ਦਰਜ ਕਰ ਦਿੱਤੀ ਗਈ ਸੀ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਾਫ਼ੀ ਟੈਕਨੀਕਲ ਗੱਲਾਂ ਹਨ। ਹੀਰੋ ਬੇਕਰੀ ਬਿਨਾਂ ਨਕਸ਼ੇ ਤੋਂ ਬਣੀ ਹੈ ਤੇ ਉਸ ਦਾ ਕੁੱਝ ਹਿੱਸਾ ਸਰਕਾਰੀ ਥਾਂ ’ਤੇ ਬਣਿਆ ਹੈ, ਜਿਸ ਦੀ ਰਿਪੋਰਟ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਵਿਜੀਲੈਂਸ ਨੂੰ ਭੇਜ ਦਿੱਤੀ ਹੈ।
ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਥਾਂ ’ਤੇ ਸੜਕ 109 ਫੁੱਟ ਚੌੜੀ ਸੀ ਪਰ ਹੁਣ ਮੌਜੂਦਾ ਸੜਕ 92 ਫੁੱਟ ਚੌੜੀ ਹੈ। ਜਿਸ ਸ਼ਿਕਾਇਤਕਰਤਾ ਨੇ ਇਸ ਮਾਮਲੇ ਨੂੰ ਚੁੱਕਿਆ ਸੀ, ਉਸ ਦੇ ਦੋਸ਼ ਸਨ ਕਿ ਬੇਕਰੀ ਦਾ ਜ਼ਿਆਦਾਤਰ ਹਿੱਸਾ ਸਰਕਾਰੀ ਸੜਕ ’ਤੇ ਸੂਏ ਦੀ ਥਾਂ ’ਤੇ ਹੈ। ਨਗਰ ਨਿਗਮ ਦੇ ਮੁਲਾਜ਼ਮ ਇਸ ਬੇਕਰੀ ਦੇ ਕੁੱਝ ਹਿੱਸੇ ਨੂੰ ਸਰਕਾਰੀ ਜ਼ਮੀਨ ’ਤੇ ਮੰਨ ਰਹੇ ਹਨ।
ਬੇਕਰੀ ਦਾ ਕੁੱਝ ਹਿੱਸਾ ਸਰਕਾਰੀ ਜ਼ਮੀਨ ’ਤੇ ਬਣਿਆ ਹੈ: ਏ ਟੀ ਪੀ
ਏ ਟੀ ਪੀ ਮੋਹਨ ਸਿੰਘ ਮੁਤਾਬਕ ਬੇਕਰੀ ਦਾ ਕੁੱਝ ਹਿੱਸਾ ਸਰਕਾਰੀ ਜ਼ਮੀਨ ’ਤੇ ਹੈ, ਜਿਸ ਦੀ ਰਿਪੋਰਟ ਬਣਾਈ ਗਈ ਹੈ ਨਾਲ ਹੀ ਜੋ ਬਿਲਡਿੰਗ ਬਣੀ ਹੈ, ਇਸ ਦੀ ਉਸਾਰੀ ਬਿਨਾਂ ਮਨਜ਼ੂਰੀ ਕੀਤੀ ਗਈ ਹੈ। ਜਿਸ ’ਤੇ ਕਾਰਵਾਈ ਲਈ ਜਲਦ ਹੀ ਅਧਿਕਾਰੀਆਂ ਦੇ ਕਹਿਣ ਮੁਤਾਬਕ ਕੀਤੀ ਜਾਏਗੀ।

