ਦੱਖਣੀ ਸੂਡਾਨ ਦੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਪੀਏਯੂ ਦਾ ਦੌਰਾ
ਦੌਰਾਨ ਦੱਖਣੀ ਸੂਡਾਨ ਦੀ ਡਾ. ਜੌਨ ਗਾਰੰਗ ਵਿਗਿਆਨ ਅਤੇ ਤਕਨਾਲੋਜੀ ਦੇ ਵਾਈਸ ਚਾਂਸਲਰ ਡਾ. ਅਬਰਾਹਮ ਮੈਟੋਚ ਢਾਲ ਨੇ ਅੱਜ ਪੀਏਯੂ ਦਾ ਵਿਸ਼ੇਸ਼ ਦੌਰਾ ਕੀਤਾ ਤੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਤੇ ਸਮੂਹ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹ ਆਈਸੀਸੀਆਰ ਦੇ ਅਕਾਦਮਿਕ ਵਿਜ਼ਟਰ ਪ੍ਰੋਗਰਾਮ ਤਹਿਤ ਭਾਰਤ ਦੇ ਅਕਾਦਮਿਕ ਦੌਰੇ ’ਤੇ ਹਨ। ਇਸ ਮਿਲਣੀ ਸਮੇਂ ਭਾਰਤ ਅਤੇ ਦੱਖਣੀ ਸੂਡਾਨ ਵਿਚਕਾਰ ਖੇਤੀਬਾੜੀ ਦੇ ਵਿਕਾਸ ਲਈ ਸਾਂਝ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਖੋਜ, ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿਚ ਵਿਕਾਸ ਲਈ ਸਾਂਝੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਹੋਈ।
ਡਾ. ਗੋਸਲ ਨੇ ਆਪਣੇ ਹਮਰੁਤਬਾ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ’ਚ ਪੀਏਯੂ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਹ ਯੂਨੀਵਰਸਿਟੀ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਿਗਿਆਨ ਦੀਆਂ ਸਰਵੋਤਮ ਤਕਨੀਕਾਂ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਨਾਉਣ ਲਈ ਲਗਾਤਾਰ ਖੋਜ ਅਤੇ ਪਸਾਰ ਕਾਰਜਾਂ ਵਿਚ ਲੀਨ ਹੈ।
ਡਾ. ਅਬਰਾਹਮ ਮੈਟੋਚ ਢਾਲ ਨੇ ਦੱਸਿਆ ਕਿ ਇਸ ਦੇਸ਼ ਦਾ ਅੱਧੇ ਤੋਂ ਵੱਧ ਜ਼ਮੀਨੀ ਖੇਤਰ ਭਰਪੂਰ ਖੇਤੀਬਾੜੀ ਅਤੇ ਪਾਣੀ ਦੇ ਸਰੋਤਾਂ ਵਜੋਂ ਜਾਣਿਆਂ ਜਾਂਦਾ ਹੈ। ਔਖੀਆਂ ਸਥਿਤੀਆਂ ਦੇ ਬਾਵਜੂਦ ਉਹਨਾਂ ਦੇ ਦੇਸ਼ ਨੇ ਸਥਿਰ ਖੇਤੀਬਾੜੀ ਵਿਕਾਸ ਦਾ ਨਿਸ਼ਾਨਾ ਮਿਥਿਆ ਹੋਇਆ ਹੈ। ਡਾ. ਢਾਲ ਨੇ ਪੀਏਯੂ ਦੀ ਖੇਤੀ ਮੁਹਾਰਤ ਤੋਂ ਸਿੱਖਣ ਅਤੇ ਦੱਖਣੀ ਸੂਡਾਨ ਵਿਚ ਉਸ ਮੁਹਾਰਤ ਨੂੰ ਲਾਗੂ ਕਰਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਵਫਦ ਦਾ ਸਵਾਗਤ ਕਰਦਿਆਂ ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਪੰਜਾਬ ਅਤੇ ਦੱਖਣੀ ਸੂਡਾਨ ਦੀਆਂ ਭੂਗੋਲਿਕ ਸਮਾਨਤਾਵਾਂ ਅਤੇ ਵੱਖਰਤਾਵਾਂ ਦੀ ਗੱਲ ਕੀਤੀ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਨੂੰ ਵਰਤਮਾਨ ਅਤੇ ਭਵਿੱਖ ਦੇ ਸੰਦਰਭ ਵਿਚ ਪੇਸ਼ ਕੀਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਪਸਾਰ ਢਾਂਚਾ ਕੈਂਪਸ ਦੇ ਨਾਲ-ਨਾਲ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਤੱਕ ਫੈਲਿਆ ਹੋਇਆ ਹੈ। ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਉੱਪਰ ਝਾਤ ਪਵਾਉਣ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਨੂੰ ਵਫਦ ਸਾਹਮਣੇ ਰੱਖਿਆ। ਅੰਤ ਵਿਚ ਡਾ. ਅਬਰਾਹਮ ਢਾਲ ਨੂੰ ਪੀਏਯੂ ਵੱਲੋਂ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ।