ਵੈਟਰਨਰੀ ’ਵਰਸਿਟੀ ਵੱਲੋਂ ਮੁਰਗੀ ਪਾਲਣ ਸਬੰਧੀ ਕੈਂਪ
ਖੇਤਰੀ ਪ੍ਰਤੀਨਿਧ
ਲੁਧਿਆਣਾ 12 ਜੂਨ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਘਰ ਦੇ ਪਿਛਵਾੜੇ ਛੋਟੇ ਪੱਧਰ ’ਤੇ ਮੁਰਗੀ ਪਾਲਣ ਸਬੰਧੀ ਸਿਖਲਾਈ ਦੇਣ ਅਤੇ ਇਸ ਕੰਮ ਲਈ ਚੂਚੇ ਅਤੇ ਸਬੰਧਿਤ ਵਸਤਾਂ ਦੇਣ ਹਿਤ ਪਿੰਡ ਮਹਿਲ ਕਲਾਂ ਵਿੱਚ ਕੈਂਪ ਲਗਾਇਆ ਗਿਆ। ਇਹ ਕੈਂਪ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਕਰਵਾਏ ਜਾ ਰਹੇ ਫਾਰਮਰ ਫਸਟ ਪ੍ਰਾਜੈਕਟ ਅਧੀਨ ਕਰਵਾਇਆ ਗਿਆ। ਕਿਸਾਨਾਂ ਵਿੱਚ ਉਦਮੀਪਨ ਸਬੰਧੀ ਸੋਚ ਵਿਕਸਿਤ ਕਰਨ ਹਿਤ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਡਾ. ਰਵਿੰਦਰ ਸਿੰਘ ਗਰੇਵਾਲ ਵੀ ਅਗਵਾਈ ਅਤੇ ਮੁੱਖ ਨਿਰੀਖਕ ਡਾ. ਪਰਮਿੰਦਰ ਸਿੰਘ ਦੀ ਨਿਗਰਾਨੀ ਅਧੀਨ ਕੈਂਪ ਦਾ ਪ੍ਰਬੰਧ ਕੀਤਾ ਗਿਆ।
ਕੈਂਪ ਦਾ ਸੰਚਾਲਨ ਡਾ. ਅਮਨਦੀਪ ਸਿੰਘ, ਸਹਿ-ਨਿਰੀਖਕ ਅਤੇ ਡਾ. ਗੁਰਪ੍ਰੀਤ ਕੌਰ ਤੁਲਾ ਨੇ ਕੀਤਾ। ਕੈਂਪ ਦੌਰਾਨ 45 ਕਿਸਾਨਾਂ ਨੂੰ ਆਪਣਾ ਕਿੱਤਾ ਸ਼ੁਰੂ ਕਰਨ ਲਈ ਇਕ ਮਹੀਨੇ ਦੇ ਚੂਚੇ ਵੀ ਦਿੱਤੇ ਗਏ। ਲਾਭ ਪਾਤਰੀ ਕਿਸਾਨਾਂ ਨੂੰ ਆਪਣੇ ਘਰ ਵਿੱਚ ਮੁਰਗੀ ਪਾਲਣ ਸੰਬੰਧੀ ਬੁਨਿਆਦੀ ਨੁਕਤਿਆਂ ਦਾ ਗਿਆਨ ਦਿੱਤਾ ਗਿਆ ਅਤੇ ਚੂਚਿਆਂ ਦੇ ਪ੍ਰਬੰਧਨ, ਸਿਹਤ ਸੰਭਾਲ, ਖੁਰਾਕ, ਰੋਸ਼ਨੀ, ਹਵਾ, ਮੌਸਮੀ ਦਬਾਅ ਤੋਂ ਬਚਾਅ ਸੰਬੰਧੀ ਹਰ ਪਹਿਲੂ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਇਹ ਵੀ ਸਿਖਾਇਆ ਗਿਆ ਕਿ ਘੱਟ ਖਰਚ ਕਰਕੇ ਵੱਧ ਮੁਨਾਫ਼ਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨਾਂ ਨੂੰ ਫਾਰਮ ਦੇ ਵਿਕਾਸ, ਮੰਡੀਕਾਰੀ ਅਤੇ ਆਂਡਿਆਂ ਤੇ ਮੀਟ ਦੀ ਗੁਣਵੱਤਾ ਵਧਾ ਕੇ ਵਧੇਰੇ ਆਮਦਨ ਲੈਣ ਸਬੰਧੀ ਵੀ ਸਿੱਖਿਆ ਦਿੱਤੀ ਗਈ।