ਵੈਟਰਨਰੀ ’ਵਰਸਿਟੀ ਵੱਲੋਂ ਮੂਮ ਵਿੱਚ ਜਾਗਰੂਕਤਾ ਕੈਂਪ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਪਿੰਡ ਮੂਮ ਵਿੱਚ ਪਸ਼ੂਆਂ ਨੂੰ ਮੌਖਿਕ ਚੁੰਬਕ ਦੇਣ ਬਾਰੇ ਜਾਗਰੂਕਤਾ ਅਤੇ ਪ੍ਰਦਰਸ਼ਨੀ ਕੈਂਪ ਲਾਇਆ ਗਿਆ। ਇਹ ਕੈਂਪ ਫਾਰਮਰ ਫਸਟ ਪ੍ਰਾਜੈਕਟ ਅਧੀਨ ਕੀਤੀਆਂ ਜਾਂਦੀਆਂ ਗਤੀਵਿਧੀਆਂ ਦਾ ਹਿੱਸਾ ਸੀ। ਇਸ ਕੈਂਪ ਵਿੱਚ ਪਸ਼ੂਆਂ ਨੂੰ ਮੌਖਿਕ ਚੁੰਬਕ ਦੇ ਕੇ ਉਸ ਨਾਲ ਪਸ਼ੂਆਂ ਦੀ ਸਿਹਤ ਸੰਭਾਲ ਅਤੇ ਉਤਪਾਦਕਤਾ ਵਧਾਉਣ ਸਬੰਧੀ ਦੱਸਿਆ ਗਿਆ। ਇਹ ਨਵੀਨ ਪਹੁੰਚ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਦੀ ਅਗਵਾਈ ਅਧੀਨ ਲਾਗੂ ਕੀਤੀ ਗਈ। ਇਸ ਪ੍ਰਾਜੈਕਟ ਦੇ ਸਹਿ-ਮੁੱਖ ਨਿਰੀਖਕ ਡਾ. ਰਾਜੇਸ਼ ਕਸਰੀਜਾ ਅਤੇ ਗੁਰਪ੍ਰੀਤ ਕੌਰ ਤੁਲਾ ਨੇ ਕੈਂਪ ਦਾ ਪ੍ਰਬੰਧ ਕੀਤਾ। ਕੈਂਪ ਦੌਰਾਨ ਪਸ਼ੂ ਪਾਲਕਾਂ ਵੱਲੋਂ ਉਤਸ਼ਾਹ ਭਰਪੂਰ ਸ਼ਮੂਲੀਅਤ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਤਨਕੀਕ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਨ ’ਚ ਦਿਲਚਸਪੀ ਦਿਖਾਈ।
ਡਾ. ਕਸਰੀਜਾ ਨੇ ਦੱਸਿਆ ਕਿ ਅਜਿਹੀ ਚੁੰਬਕ ਪਸ਼ੂ ਦੇ ਪੇਟ ਵਿੱਚ ਪਹੁੰਚਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਜੇ ਪਸ਼ੂ ਧਾਤ ਵਾਲੀ ਕੋਈ ਨੁਕੀਲੀ ਵਸਤੂ ਨਿਗਲ ਜਾਂਦਾ ਹੈ ਤਾਂ ਉਹ ਪੇਟ ਵਿੱਚ ਇਸ ਚੁੰਬਕ ਨਾਲ ਚਿੰਬੜ ਜਾਂਦੀ ਹੈ। ਇਸ ਕਾਰਣ ਉਹ ਧਾਤੂ ਜਾਂ ਨੁਕੀਲੀ ਵਸਤੂ ਉਥੇ ਹੀ ਸਥਿਰ ਹੋ ਜਾਂਦੀ ਹੈ ਅਤੇ ਪਸ਼ੂ ਦੇ ਅੰਦਰ ਕੋਈ ਜ਼ਖ਼ਮ ਜਾਂ ਕੋਈ ਹੋਰ ਨੁਕਸਾਨ ਨਹੀਂ ਕਰਦੀ। ਕੈਂਪ ਵਿੱਚ ਸ਼ਾਮਲ ਕਿਸਾਨਾਂ ਨੇ ਆਪਣੇ ਪਸ਼ੂਆਂ ਲਈ ਇਹ ਤਕਨੀਕ ਅਪਣਾਉਣ ਵਿੱਚ ਦਿਲਚਸਪੀ ਵਿਖਾਈ। ਇਸ ਕੈਂਪ ਨਾਲ ਕੁੱਲ ਅੱਠ ਪਰਿਵਾਰਾਂ ਨੂੰ ਲਾਭ ਹੋਇਆ। ਫਾਰਮਰ ਫਸਟ ਪ੍ਰਾਜੈਕਟ ਰਾਹੀਂ ਕਿਸਾਨਾਂ ਨੂੰ ਨਵੀਆਂ ਖੋਜਾਂ ਅਤੇ ਪਸਾਰ ਸੇਵਾਵਾਂ ਰਾਹੀਂ ਉਤਪਾਦਕਤਾ ਵਧਾਉਣ ਦੇ ਟੀਚੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।