ਵੈਟਰਨਰੀ ’ਵਰਸਿਟੀ ਦੀ ਓ ਪੀ ਡੀ ਅੱਜ ਤੋਂ ਬੰਦ
ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਹਡ਼ਤਾਲ ਜਾਰੀ; ੲਿੰਟਰਨਸ਼ਿਪ ਭੱਤੇ ’ਚ ਵਾਧੇ ਦੀ ਮੰਗ
ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਸ਼ੁੱਕਰਵਾਰ ਨੂੰ 9ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਇੰਟਰਨ ਵਿਦਿਆਰਥੀ, ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਚ ਰੋਸ ਪ੍ਰਦਰਸ਼ਨ ਕਰਦੇ ਰਹੇ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 4 ਅਕਤੂਬਰ ਸਵੇਰੇ 9 ਵਜੇ ਤੋਂ ਓਪੀਡੀ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ, ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
ਉਨ੍ਹਾਂ ਦੀ ਮੁੱਖ ਮੰਗ ਇੰਟਰਨਸ਼ਿਪ ਭੱਤਾ 15,000 ਰੁਪਏ ਤੋਂ ਵਧਾ ਕੇ 24,310 ਰੁਪਏ ਕਰਨ ਦੀ ਹੈ। ਯੂਨੀਅਨ ਨੇ ਦਰਸਾਇਆ ਕਿ ਜਿੱਥੇ ਇਹ ਭੱਤਾ ਯੂਨੀਵਰਸਿਟੀ ਅਤੇ ਆਈਸੀਏਆਰ ਵੱਲੋਂ ਦਿੱਤਾ ਜਾਂਦਾ ਹੈ, ਉੱਥੇ ਪੰਜਾਬ ਸਰਕਾਰ ਇਸ ਵਿਚ ਕੋਈ ਯੋਗਦਾਨ ਨਹੀਂ ਪਾਉਂਦੀ। ਉਹਨਾਂ ਦੱਸਿਆ ਕਿ ਪਿਛਲੀ ਮੀਟਿੰਗ, ਜੋ ਕਿ 30 ਸਤੰਬਰ ਨੂੰ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਈ ਸੀ, ਉਸ ਦੌਰਾਨ ਇੰਟਰਨਜ਼ ਨੇ ਆਪਣਾ ਮੰਗ ਪੱਤਰ ਸੌਂਪਿਆ ਸੀ। ਪਰੰਤੂ, ਮੰਤਰੀ ਨੇ ਇਹ ਮਾਮਲਾ ਵਾਈਸ ਚਾਂਸਲਰ ਵੱਲ ਧੱਕ ਦਿੱਤਾ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜ਼ਿੰਮੇਵਾਰੀ ਇੱਕ- ਦੂਜੇ ’ਤੇ ਸੁੱਟੀ ਜਾ ਰਹੀ ਹੈ ਜਿਸ ਕਰਕੇ ਵਿਦਿਆਰਥੀਆਂ ਵਿੱਚ ਨਿਰਾਸ਼ਾ ਵਧ ਗਈ।
ਯੂਨੀਅਨ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮਹੀਨਿਆਂ ਤੋਂ ਸਿਰਫ਼ ‘ਝੂਠੀਆਂ ਭਰੋਸੇਮੰਦੀਆਂ’ ਹੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਜੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਕੋਲ ਲੋੜੀਂਦੇ ਫੰਡ ਨਹੀਂ ਹਨ ਤੇ ਮਸਲੇ ਦਾ ਹੱਲ ਨਹੀਂ ਕਰ ਸਕਦੇ, ਤਾਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਮਾਮਲਾ ਸਿੱਧਾ ਕੇਂਦਰ ਸਰਕਾਰ ਕੋਲ ਰੱਖ ਸਕਣ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਸਬੰਧੀ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।