ਵੈਟਰਨਰੀ ’ਵਰਸਿਟੀ ਵੱਲੋਂ ਸੂਰਾਂ ਦੀਆਂ ਬਿਮਾਰੀਆਂ ਬਾਰੇ ਵੈਬੀਨਾਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕਿਸਾਨਾਂ ਨੂੰ ਸੂਰਾਂ ਦੀਆਂ ਆਮ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਲਈ ਵੈਬੀਨਾਰ ਕਰਵਾਇਆ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਖੁਲਾਸਾ ਕੀਤਾ ਕਿ ਹਰੇ ਅਤੇ ਚਿੱਟੇ ਇਨਕਲਾਬ ਸਿਰਜਣ ਤੋਂ ਬਾਅਦ, ਪੰਜਾਬ ਹੁਣ ਸੂਰ ਉਦਯੋਗ ਵਿੱਚ ਇੱਕ ਹੋਰ ਪਸ਼ੂਧਨ ਇਨਕਲਾਬ ਲਿਆਉਣ ਲਈ ਅੱਗੇ ਵਧ ਰਿਹਾ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਕਿਹਾ ਕਿ ਸੂਰ ਪਾਲਣ, ਪਸ਼ੂ ਪਾਲਕਾਂ ਵਿੱਚ ਵੱਡੇ ਪੱਧਰ ’ਤੇ ਪ੍ਰਸਿੱਧ ਹੋ ਰਿਹਾ ਹੈ। ਹੋਰ ਖੇਤੀ ਅਭਿਆਸਾਂ ਵਾਂਗ, ਇਸ ਖੇਤਰ ਦੇ ਵਿਸਥਾਰ ਵਿੱਚ ਵੀ ਕੁੱਝ ਰੁਕਾਵਟਾਂ, ਜਿਵੇਂ ਕਿ ਛੂਤ ਦੀਆਂ ਬਿਮਾਰੀਆਂ, ਪਰਜੀਵੀ ਬਿਮਾਰੀਆਂ ਆਦਿ ਆਉਂਦੀਆਂ ਹਨ ਪਰ ਇਹਨਾਂ ਰੁਕਾਵਟਾਂ ਨੂੰ ਸਹੀ ਜਾਣਕਾਰੀ ਨਾਲ ਦੂਰ ਕੀਤਾ ਜਾ ਸਕਦਾ ਹੈ।
ਡਾ. ਰਣਧੀਰ ਸਿੰਘ ਨੇ ਸੂਰਾਂ ਦੀਆਂ ਆਮ ਬਿਮਾਰੀਆਂ, ਉਨ੍ਹਾਂ ਦੇ ਲੱਛਣਾਂ ਅਤੇ ਰੋਕਥਾਮ ਉਪਾਵਾਂ ਬਾਰੇ ਚਰਚਾ ਕੀਤੀ। ਕਿਸਾਨਾਂ ਦੇ ਸਵਾਲਾਂ ਦਾ ਵੀ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਵੈਟਰਨਰੀ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਨੇ ਇਸ ਵੈਬੀਨਾਰ ਦਾ ਬਹੁਤ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ। ਡਾ. ਸਿੰਘ ਨੇ ਖੁਲਾਸਾ ਕੀਤਾ ਕਿ ਯੂਨੀਵਰਸਿਟੀ ਭਾਈਵਾਲ ਧਿਰਾਂ ਵਿੱਚ ਵਿਗਿਆਨਕ ਅਭਿਆਸਾਂ ਦਾ ਪ੍ਰਸਾਰ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ ਅਤੇ ਕਿੱਤੇ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਵੈਬੀਨਾਰ ਵਿੱਚ 50 ਤੋਂ ਵੱਧ ਸੂਰ ਪਾਲਕਾਂ ਨੇ ਸ਼ਿਰਕਤ ਕੀਤੀ।