ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਹੜਤਾਲ: ਓਪੀਡੀ ਸੇਵਾਵਾਂ ਦੀ ਮੁਅੱਤਲੀ ਦਾ ਫ਼ੈਸਲਾ ਵਾਪਸ ਲਿਆ
ਵਿਦਿਅਾਰਥੀਅਾਂ ਵੱਲੋਂ ਸ਼ਾਂਤਮਈ ਮੋਮਬੱਤੀ ਮਾਰਚ; ਡੀਸੀ ਨਾਲ ਕੀਤੀ ਮੁਲਾਕਾਤ
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੇ ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਹੜਤਾਲ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਨਾਅਰੇ ਲਗਾ ਕੇ ਰੋਸ ਪ੍ਰਗਟਾਇਆ, ਉੱਥੇ ਦੇਰ ਸ਼ਾਮ ਸ਼ਾਂਤਮਈ ਮੋਮਬੱਤੀ ਮਾਰਚ ਵੀ ਕੀਤਾ ਗਿਆ। ਇਸ ਦੌਰਾਨ ਓਪੀਡੀ ਸੇਵਾਵਾਂ ਦੀ ਮੁਅੱਤਲੀ ਦਾ ਫ਼ੈਸਲਾ ਵੀ ਵਾਪਸ ਲੈ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਯੂਨੀਅਨ ਦੇ ਇੱਕ ਵਫ਼ਦ ਨੇ ਉਪ ਕੁਲਪਤੀ ਡਾ. ਜੇ ਪੀ ਐੱਸ ਗਿੱਲ ਨਾਲ ਮੁਲਾਕਾਤ ਕੀਤੀ। ਡਾ. ਗਿੱਲ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਸਕਾਰਾਤਮਕ ਹੱਲ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਭਰੋਸੇ ਤੋਂ ਬਾਅਦ, ਯੂਨੀਅਨ ਨੇ ਓ ਪੀ ਡੀ ਸੇਵਾਵਾਂ ਨੂੰ ਸਸਪੈਂਡ ਕਰਨ ਦਾ ਆਪਣਾ ਪਹਿਲਾਂ ਕੀਤਾ ਫ਼ੈਸਲਾ ਵਾਪਸ ਲੈ ਲਿਆ।
ਟੀਚਿੰਗ ਵੈਟਰਨਰੀ ਕਲਿਨਿਕਲ ਕੰਪਲੈਕਸ (ਟੀਵੀਸੀਸੀ) ਦੇ ਮੁਖੀ ਅਤੇ ਡੀਨ ਸਟੂਡੈਂਟਸ ਵੈਲਫ਼ੇਅਰ (ਡੀਐਸਡਬਲਿਊ) ਨੇ ਵੀ ਪ੍ਰਦਰਸ਼ਨ ਕਰ ਰਹੇ ਇੰਟਰਨਜ਼ ਨੂੰ ਸੰਬੋਧਨ ਕਰਦਿਆਂ ਇਹ ਯਕੀਨ ਦਿਵਾਇਆ ਕਿ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਜਲਦ ਸ਼ੁਰੂ ਕਰਵਾਈ ਜਾਵੇਗੀ। ਬਾਅਦ ਵਿੱਚ, ਯੂਨੀਅਨ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਅਤੇ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਅਪੀਲ ਕੀਤੀ। ਇੰਟਰਨਜ਼ ਨੇ ਰੋਸ ਪ੍ਰਗਟਾਇਆ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਹਾਲਾਂ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਉਨ੍ਹਾਂ ਫੈਸਲਾ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ। ਯੂਨੀਅਨ ਦੀ ਮੁੱਖ ਮੰਗ ਹੈ ਕਿ ਬੀ ਵੀ ਐੱਸ ਸੀ ਐਂਡ ਏ ਐੱਚ ਇੰਟਰਨਜ਼ ਦੀ ਮਹੀਨਾਵਾਰ ਭੱਤਾ ਤੁਰੰਤ 15,000 ਰੁਪਏ ਤੋਂ ਵਧਾ ਕੇ 24,310 ਰੁਪਏ ਕੀਤਾ ਜਾਵੇ। ਪੰਜਾਬ ਸਰਕਾਰ ਨੂੰ ਸਿੱਧੀ ਅਪੀਲ ਕਰਦਿਆਂ, ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਵਿੱਤ ਮੰਤਰੀ ਨੂੰ ਤੁਰੰਤ ਗੱਲਬਾਤ ਸ਼ੁਰੂ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨੂੰ ਦੇਰੀ ਕੀਤੇ ਬਿਨਾਂ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਹਮਾਇਤ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਅਤੇ ਗੁਰਵਿੰਦਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਬੈਠੇ ਪੀ ਏ ਯੂ ਲੁਧਿਆਣਾ ਦੇ ਵਿਦਿਆਰਥੀ ਦੀਆਂ ਖੇਤੀਬਾੜੀ, ਬਾਗ਼ਬਾਨੀ, ਭੂਮੀ ਅਤੇ ਜਲ ਸੰਭਾਲ ਵਿਭਾਗ ਅਤੇ ਮੰਡੀ ਬੋਰਡ ਦੀਆਂ ਖਾਲੀ ਅਸਾਮੀਆਂ ਭਰਨ ਦੀਆਂ ਮੰਗਾਂ ਮੰਨੀਆਂ ਜਾਣ। ਇਸੇ ਤਰ੍ਹਾਂ ਹੜਤਾਲ ’ਤੇ ਬੈਠੇ ਵੈਟਰਨਰੀ ਇੰਟਰਨਜ਼ ਦਾ ਭੱਤਾ 24,310 ਰੁਪਏ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹਨਾਂ ਦੀ ਯੂਨੀਅਨ ਦੋਵਾਂ ਮੋਰਚਿਆਂ ਦੀ ਹਮਾਇਤ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਖੇਤੀਬਾੜੀ ਵਿਭਾਗ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਖੇਤੀ ਖੇਤਰ ਦੀਆਂ ਲੋੜਾਂ ਤਹਿਤ ਨਵੀਆਂ ਅਸਾਮੀਆਂ ਸਿਰਜੀਆਂ ਜਾਣ, ਇੰਟਰਨਸ਼ਿੱਪ ਦੌਰਾਨ ਭੱਤੇ ਦਾ ਵਾਧਾ ਕੀਤਾ ਜਾਵੇ ਅਤੇ ਸਰਕਾਰੀ ਸਿੱਖਿਆ ਲਈ ਬਜਟ ਚ ਵਾਧਾ ਕੀਤਾ ਜਾਵੇ।