30 ਤੋਂ ਓ ਪੀ ਡੀ ਸੇਵਾਵਾਂ ਮੁਅੱਤਲ ਕਰਨਗੇ ਵੈਟਰਨਰੀ ਇੰਟਰਨਜ਼
ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਕੈਂਪਸ ’ਚ ਸ਼ਾਂਤਮਈ ਪ੍ਰਦਰਸ਼ਨ
ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ’ਵਰਸਿਟੀ ਕੈਂਪਸ ਵਿੱਚ ਸੜ੍ਹਕ ’ਤੇ ਕਿਨਾਰੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ 30 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ 4 ਘੰਟਿਆਂ ਲਈ ਓਪੀਡੀ ਸੇਵਾਵਾਂ ਨਾ ਦੇਣ ਦਾ ਐਲਾਨ ਕੀਤਾ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਤੀਜੇ ਦਿਨ ਵੀ ਯੂਨੀਵਰਸਿਟੀ ਕੈਂਪਸ ਅੰਦਰ ਸੜਕ ਕਿਨਾਰੇ ਸ਼ਾਂਤਮਈ ਧਰਨਾ ਲਗਾਇਆ। ਪ੍ਰਦਰਸ਼ਨ ਦੇ ਨਾਲ-ਨਾਲ ਯੂਨੀਅਨ ਮੈਂਬਰਾਂ ਨੇ ਕਿਸਾਨ ਅਤੇ ਪਸ਼ੂਪਾਲਣ ਮੇਲੇ ਵਿੱਚ ਆਏ ਲੋਕਾਂ ਨੂੰ ਪੀਣ ਵਾਲਾ ਪਾਣੀ ਵੰਡਣ ਦੀ ਵਾਲੰਟੀਅਰੀ ਸੇਵਾ ਵੀ ਨਿਭਾਈ। ਇਸ ਦੌਰਾਨ ਵਿਦਿਆਰਥੀਆਂ ਨੇ ਕਾਲਜ ਆਫ ਵੈਟਰਨਰੀ ਸਾਇੰਸ ਦੇ ਡੀਨ ਅਤੇ ਟੀ.ਵੀ.ਸੀ.ਸੀ. ਹੈਡ ਆਫ ਵੈਟਰਨਰੀ ਕਲੀਨਿਕਸ, ਗਾਡਵਾਸੂ ਨੂੰ ਇੱਕ ਅਧਿਕਾਰਕ ਪੱਤਰ ਭੇਜ ਕੇ 30 ਸਤੰਬਰ, ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ 4 ਘੰਟਿਆਂ ਲਈ ਓ.ਪੀ.ਡੀ. ਸੇਵਾਵਾਂ ਮੁਅੱਤਲ ਕਰਨ ਬਾਰੇ ਸੂਚਿਤ ਕੀਤਾ ਗਿਆ। ਯੂਨੀਅਨ ਵੱਲੋਂ ਬੀ.ਵੀ.ਐਸ.ਸੀ. ਅਤੇ ਏ.ਐਚ. ਇੰਟਰਨਾਂ ਦਾ ਮਹੀਨਾਵਾਰ ਭੱਤਾ 15,000 ਰੁ. ਤੋਂ ਵਧਾ ਕੇ 24,310 ਰੁਪਏ ਕਰਨ ਦੀ ਮੰਗ ਕੀਤੀ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਮੌਜੂਦਾ ਭੱਤਾ ਲੁਵਾਸ ( 24,310 ), ਰਾਜੂਵਾਸ (22,000) ਅਤੇ ਬੀ.ਐਚ.ਯੂ.( 23,500 ) ਆਦਿ ’ਵਰਸਿਟੀਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਪੰਜਾਬ ਵਿੱਚ ਬੀ.ਡੀ.ਐਸ.( 22,000) ਅਤੇ ਐਮ.ਬੀ.ਬੀ.ਐਸ. ਇੰਟਰਨਜ਼ ( 22,000 ) ਨਾਲੋਂ ਵੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਇੰਟਰਨਸ਼ਿਪ ਭੱਤੇ ਵਿੱਚ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ. ਵੱਲੋਂ ਫੰਡ ਦਿੱਤਾ ਜਾਂਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਕੋਈ ਯੋਗਦਾਨ ਨਹੀਂ ਦਿੱਤਾ ਜਾਂਦਾ। ਇਸ ਸਬੰਧੀ ਕਈ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਹਾਲਾਂ ਤੱਕ ਕੁੱਝ ਨਹੀਂ ਹੋਇਆ। ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਿਦਿਆਰਥੀ ਪ੍ਰਤਿਨਿਧੀਆਂ ਦੀ ਮੀਟਿੰਗ ਤੁਰੰਤ ਬੁਲਾਈ ਜਾਵੇ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।