ਇਥੋਂ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੁਨੀਵਰਸਿਟੀ ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਵੈਟਰਨਰੀ ਇੰਟਰਨਾਂ ਨੂੰ ਦਿੱਤੇ ਜਾ ਰਹੇ ਭੱਤੇ ਨੂੰ ਵਧਾਉਣ ਦੀ ਮੰਗ ਕਰਦਿਆਂ ਅੱਜ ਰੋਸ ਪ੍ਰਦਰਸ਼ਨ ਕੀਤਾ ਅਤੇ ਅਣਮਿੱਥੇ ਸਮੇਂ ਤੱਕ ਹੜਤਾਲ ਸ਼ੁਰੂ ਕੀਤੀ।
ਇਸ ਰੋਸ ਰੈਲੀ ਅਤੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਮੌਜੂਦਾ ਸਮੇਂ ਦਿੱਤੇ ਜਾ ਰਹੇ ਇੰਟਰਨਸ਼ਿਪ ਭੱਤੇ ’ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਮੰਗ ਸਬੰਧੀ ਉਹ ਕਈ ਵਾਰ ਸਬੰਧਤ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ ਪਰ ਹਾਲਾਂ ਤੱਕ ਇਸ ਦਾ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ। ਉਹਨਾਂ ਦੱਸਿਆ ਕਿ ਗੁਆਂਢੀ ਰਾਜਾਂ ਵਿੱਚੋਂ ਹਰਿਆਣਾ ਦੀ ਲੂਵਾਸ, ਰਾਜਸਥਾਨ ਦੀ ਰਾਜੂਵਾਸ ਅਤੇ ਵਾਰਾਣਸੀ ਦੀ ਬੀਐਚਯੂ ਵੈਟਰਨਰੀ ’ਵਰਸਿਟੀ ਵਿੱਚ ਪੰਜਾਬ ਦੇ ਵੈਟਰਨਰੀ ਇੰਟਰਨਰਾਂ ਨੂੰ ਦਿੱਤੇ ਜਾ ਰਹੇ ਭੱਤੇ ਤੋਂ ਕਈ ਗੁਣਾਂ ਵੱਧ ਭੱਤਾ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਵਿੱਚ ਐਮਬੀਬੀਐਸ ਅਤੇ ਬੀਡੀਐਸ ਇੰਟਰਨਾਂ ਨੂੰ ਵੀ ਇੰਨਾਂ ਤੋਂ ਵੱਧ ਭੱਤਾ ਮਿਲਦਾ ਹੈ। ਇੰਨਾਂ ਆਗੂਆਂ ਨੇ ਵੈਟਰਨਰੀ ਇੰਟਰਨਰਾਂ ਨੂੰ 24,310 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਵੈਟਰਨਰੀ ਕਲੀਨੀਕਲ ਕੰਪਲੈਕਸ ਵਿੱਚ ਕੀਤੀ ਜਾ ਰਹੀ ਇਸ ਹੜਤਾਲ ਨਾਲ ਬਾਹਰੋਂ ਆਪਣੇ ਪਾਲਤੂ ਜਾਨਵਰਾਂ ਦਾ ਇਲਾਜ ਕਰਵਾਉਣ ਆਉਣ ਵਾਲਿਆਂ ਨੂੰ ਕੁੱਝ ਮੁਸ਼ਕਲ ਹੋ ਸਕਦੀ ਹੈ ਜਿਸ ਲਈ ਉਹਨਾਂ ਨੂੰ ਦੁੱਖ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹੜਤਾਲ ਸਬੰਧੀ 19 ਸਤੰਬਰ ਨੂੰ ਉਪ ਕੁਲਪਤੀ, ਕਾਲਜ ਆਫ ਵੈਟਰਨਰੀ ਸਾਇੰਸ ਦੇ ਡੀਨ ਅਤੇ ਟੀਚਿੰਗ ਵੈਟਰਨਰੀ ਕਨੀਨਿਕਲ ਕੰਪਲੈਕਸ ਦੇ ਮੁਖੀ ਨੂੰ ਵੀ ਨੋਟਿਸ ਭੇਜ ਕੇ ਜਾਣੂ ਕਰਵਾ ਦਿੱਤਾ ਗਿਆ।