ਘਰ ਦੇ ਬਾਹਰ ਖੜੇ ਵਾਹਨਾਂ ਨੂੰ ਅੱਗ ਲਾਈ
ਸਥਾਨਕ ਜਨਕਪੁਰੀ ਇਲਾਕੇ ਵਿੱਚ ਪੈਂਦੇ ਗਨੇਸ਼ ਨਗਰ ਵਿੱਚ ਅੱਜ ਤੜਕੇ ਢਾਈ ਵਜੇ ਦੇ ਕਰੀਬ ਤਿੰਨ ਚਾਰ ਲੜਕਿਆਂ ਵੱਲੋਂ ਇੱਕ ਘਰ ਦੇ ਬਾਹਰ ਖੜੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਵਾਹਨ ਬੁਰੀ ਤਰ੍ਹਾਂ ਸੜ ਗਏ ਜਦਕਿ ਘਰ ਦੇ ਪਰਦਿਆਂ ਨੂੰ...
ਸਥਾਨਕ ਜਨਕਪੁਰੀ ਇਲਾਕੇ ਵਿੱਚ ਪੈਂਦੇ ਗਨੇਸ਼ ਨਗਰ ਵਿੱਚ ਅੱਜ ਤੜਕੇ ਢਾਈ ਵਜੇ ਦੇ ਕਰੀਬ ਤਿੰਨ ਚਾਰ ਲੜਕਿਆਂ ਵੱਲੋਂ ਇੱਕ ਘਰ ਦੇ ਬਾਹਰ ਖੜੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਵਾਹਨ ਬੁਰੀ ਤਰ੍ਹਾਂ ਸੜ ਗਏ ਜਦਕਿ ਘਰ ਦੇ ਪਰਦਿਆਂ ਨੂੰ ਲੱਗੀ ਅੱਗ ਨੂੰ ਵੇਖਦਿਆਂ ਪਰਿਵਾਰਕ ਮੈਂਬਰਾਂ ਨੇ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਚਾਰ ਅਣਪਛਾਤੇ ਲੜਕਿਆਂ ਨੇ ਇੱਕ ਘਰ ਨੂੰ ਅੱਗ ਲਗਾ ਦਿੱਤਾ, ਕਿਸੇ ਗੁਆਂਢੀ ਨੇ ਅੱਗ ਦੇਖ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਿਸ ’ਤੇ ਸਾਰੇ ਮੈਂਬਰ ਸੁਰੱਖਿਅਤ ਬਾਹਰ ਨਿਕਲ ਆਏ।
ਇਲਾਕਾ ਨਿਵਾਸੀਆਂ ਨੇ ਦੱਸਿਆ ਹੈ ਕਿ ਘਰ ਦੇ ਮਾਲਕ ਅਮਰਪਾਲ ਸਿੰਘ ਵੱਲੋਂ ਮੁਹੱਲੇ ਵਿੱਚ ਕੁੱਝ ਲੋਕਾਂ ਵੱਲੋਂ ਧੜੱਲੇ ਨਾਲ ਵਿਕਦੇ ਨਸ਼ੇ ਬਾਰੇ ਅਧਿਕਾਰੀਆਂ ਨੂੰ ਇੱਕ ਦੋ ਵਾਰ ਸ਼ਿਕਾਇਤ ਕੀਤੀ ਗਈ ਸੀ ਜਿਸ ਨੂੰ ਵੇਖਦਿਆਂ ਨਸ਼ੇੜੀਆਂ ਨੇ ਬੀਤੀ ਰਾਤ ਢਾਈ ਵਜੇ ਦੇ ਕਰੀਬ ਸ਼ਿਕਾਇਤਕਰਤਾ ਦੇ ਘਰ ਬਾਹਰ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਅਮਰਪਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਈ ਵਾਰ ਪੁਲੀਸ ਨੂੰ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਬਾਰੇ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਖਿਝ ਕੇ ਉਨ੍ਹਾਂ ਅੱਗ ਲਗਾਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਸ ਦੀ 90 ਸਾਲਾ ਮਾਤਾ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਜਿਸ ਨੂੰ ਡਾਕਟਰ ਕੋਲ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਉਸ ਦੇ ਤਿੰਨ ਮੋਟਰਸਾਈਕਲ ਤੇ ਇੱਕ ਐਕਟਵਾ ਸਕੂਟਰ ਅੱਗ ਦੀ ਭੇਟ ਚੜੇ ਹਨ। ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਹੈ ਕਿ ਹਮਲਾਵਰਾਂ ਨੇ ਮੋਟਰਸਾਈਕਲਾਂ ਦੀ ਪਾਈਪ ਤੋਂ ਪੈਟਰੋਲ ਕੱਢ ਕੇ ਵਾਹਨਾਂ ਨੂੰ ਅੱਗ ਲਗਾਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

