ਪੰਜਾਬ ਭਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਸਬਜ਼ੀਆਂ ਦੀ ਫ਼ਸਲ ਪ੍ਰਭਾਵਿਤ ਹੋਣ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਜਿਸ ਕਾਰਨ ਲੋਕ ਕਾਫ਼ੀ ਦੁਖੀ ਅਤੇ ਪ੍ਰੇਸ਼ਾਨ ਹਨ ਕਿਉਂਕਿ ਸਬਜ਼ੀਆਂ ਦੇ ਭਾਅ ਵੱਧ ਜਾਣ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਇਸ ਵੇਲੇ ਲਗਪਗ ਸਾਰਾ ਪੰਜਾਬ ਹੀ ਬਾਰਸ਼ ਦੀ ਮਾਰ ਹੇਠ ਹੋਣ ਕਾਰਨ ਸਬਜ਼ੀਆਂ ਦੀ ਪੈਦਾਵਾਰ ਪ੍ਰਭਾਵਿਤ ਹੋ ਗਈ ਹੈ ਅਤੇ ਬਾਰਸ਼ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦ ਬਹੁਤ ਘੱਟ ਹੋ ਗਈ ਹੈ ਜਿਸ ਨਾਲ ਸਬਜ਼ੀਆਂ ਦੇ ਭਾਅ ਕਾਫ਼ੀ ਵਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ।
ਮੰਡੀ ਵਿੱਚ ਧਨੀਆ ਸਭ ਤੋਂ ਮਹਿੰਗਾ 400 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਜੋਂ ਕਿਸੇ ਵੇਲੇ ਗਾਹਕ ਨੂੰ ਸਬਜ਼ੀ ਨਾਲ ਮੁਫ਼ਤ ਵਿੱਚ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਆਮ ਦਿਨਾਂ ਵਿੱਚ 10-15 ਰੁਪਏ ਪ੍ਰਤੀ ਕਿਲੋ ਵਾਲਾ ਘੀਆ ਹੁਣ 70-80 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਜਦਕਿ ਹਰੀ ਤੋਰੀ 70-80 ਰੁਪਏ, ਕਰੇਲਾ 80-90 ਰੁਪਏ, ਅਰਬੀ 70-80, ਬੈਂਗਣ 50-55 ਰੁਪਏ, ਟਿੰਡਾ 120-130 ਰੁਪਏ, ਮਟਰ 160-170 ਰੁਪਏ, ਬੈਂਗਣ 60-70 ਰੁਪਏ, ਸ਼ਿਮਲਾ ਮਿਰਚ 120-130 ਰੁਪਏ ਅਤੇ ਭਿੰਡੀ ਵੀ 80-90 ਰੁਪਏ ਪ੍ਰਤੀ ਕਿਲੋ ਵਿੱਕ ਰਹੀ ਹੈ। ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਇਹ ਵੀ ਕ੍ਰਮਵਾਰ 30-35 ਰੁਪਏ ਅਤੇ 20 ਰੁਪਏ ਪ੍ਰਤੀ ਕਿਲੋ ਹਨ। ਟਮਾਟਰ ਦਾ ਭਾਅ ਵੀ ਇੱਕ ਵਾਰ ਮੁੜ ਵੱਧਕੇ 50-60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ ਜੋ ਬਾਰਸ਼ ਤੋਂ ਪਹਿਲਾਂ 25-30 ਰੁਪਏ ਕਿਲੋ ਹੋ ਗਿਆ ਸੀ। ਇਸਤੋਂ ਬਾਅਦ ਟਮਾਟਰ 100-120 ਤੱਕ ਵੀ ਵਿੱਕਿਆ ਸੀ ਪਰ ਹੁਣ ਇਸਦਾ ਭਾਅ ਸਥਿਰ ਹੈ।
ਸਿਵਲ ਲਾਈਨ ਦੇ ਇੱਕ ਸਬਜ਼ੀ ਦੁਕਾਨਦਾਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਸਬਜ਼ੀਆਂ ਮਹਿੰਗੀਆਂ ਹੋਣ ਕਰਕੇ ਗਾਹਕ ਹੁਣ ਘੱਟ ਮਾਤਰਾ ਵਿੱਚ ਸਬਜ਼ੀ ਖਰੀਦ ਰਹੇ ਹਨ। ਪਹਿਲਾਂ ਲੋਕ ਕਿਲੋ-ਕਿਲੋ ਇਕੱਠੀ ਸਬਜ਼ੀ ਖਰੀਦਦੇ ਸਨ ਪਰ ਹੁਣ ਉਨ੍ਹਾਂ ਮਾਤਰਾ ਘਟਾ ਦਿੱਤੀ ਹੈ ਕਿਉਂਕਿ ਹਰ ਸਬਜ਼ੀ ਦਾ ਭਾਅ ਲਗਪਗ ਦੁੱਗਣਾ-ਤਿਗੁਣਾ ਹੋ ਗਿਆ ਹੈ। ਹੈਬੋਵਾਲ ਦੇ ਇੱਕ ਸਬਜ਼ੀ ਵਿਕ੍ਰੇਤਾ ਵਿਨੋਦ ਦੁਬੈ ਨੇ ਕਿਹਾ ਕਿ ਹੁਣ ਸਬਜ਼ੀ ਮੰਡੀ ਵਿੱਚ ਗੋਭੀ 120-130 ਰੁਪਏ ਕਿਲੋ ਵਿੱਕ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਕਾਰਨ ਸਬਜ਼ੀਆਂ ਖ਼ਰਾਬ ਹੋਣ ਕਾਰਨ ਉਨ੍ਹਾਂ ਦੀ ਆਮਦ ਘੱਟਣ ਨਾਲ ਭਾਅ ਵੱਧ ਗਏ ਹਨ ਤਾ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਇੱਕ ਹੋਰ ਸਬਜ਼ੀ ਵਿਕਰੇਤਾ ਆਯੂਬ ਖਾਨ ਨੇ ਦੱਸਿਆ ਕਿ ਸਾਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਪਹੁੰਚ ਚੁੱਕੇ ਹਨ ਜਿਸ ਕਾਰਨ ਲੋਕਾਂ ਵੱਲੋਂ ਸਬਜ਼ੀ ਖਰੀਦਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਸਬਜ਼ੀ ਦੇ ਭਾਅ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਹਾਲ ਦੀ ਘੜੀ ਬਾਰਸ਼ ਰੁੱਕਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।