ਰਾੜਾ ਸਾਹਿਬ ਸਕੂਲ ’ਚ ਵਣ ਮਹਾਉਤਸਵ ਮਨਾਇਆ
ਪੱਤਰ ਪ੍ਰੇਰਕ
ਪਾਇਲ, 10 ਜੁਲਾਈ
ਜੰਗਲ ਤੇ ਪਾਣੀ ਬਚਾਓ ਕਮੇਟੀ ਮੱਤੇਵਾੜਾ ਦੇ ਜੰਗਲਾਂ ਵਿੱਚ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਬੱਚਿਆਂ ਨੇ ਟਰੱਸਟੀ ਅਤੇ ਵਾਤਾਵਰਨ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਰੁੱਖ ਲਗਾਕੇ ਵਣ ਮਹਾਉਤਸਵ ਮਨਾਇਆ।
ਮਨਿੰਦਰਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੱਤੇਵਾੜਾ ਦੇ ਜੰਗਲ ਨੂੰ ਹਰਾ ਭਰਾ ਬਣਾਉਣ ਲਈ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ ਜੋ ਇੱਕ ਸਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮਨੁੱਖ, ਜੀਵ ਜੰਤੂਆਂ ਤੇ ਪੰਛੀਆਂ ਦੇ ਜੀਵਤ ਰਹਿਣ ਲਈ ਦਰੱਖਤ ਲਗਾਉਣੇ ਲਾਜ਼ਮੀ ਹਨ। ਜੇਕਰ ਰੁੱਖ ਹੋਣਗੇ ਤਾਂ ਹੀ ਸਾਨੂੰ ਸਾਫ ਸੁਥਰੀ ਹਵਾ ਮਿਲੇਗੀ। ਉਨ੍ਹਾਂ ਕਿਹਾ ਕਿ ਰੁੱਖ ਤੇ ਮਨੁੱਖ ਦਾ ਗੂੜਾ ਰਿਸ਼ਤਾ ਹੈ, ਜੋ ਜੰਮਣ ਤੋਂ ਮਰਨ ਤੱਕ ਨਿਭਦਾ ਹੈ। ਇਸ ਮੌਕੇ ਚੰਡੀਗੜ੍ਹ ਤੋਂ ਨਾਮੀ ਸ਼ਖ਼ਸੀਅਤਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਉੱਥੇ ਬੱਚਿਆਂ ਨੂੰ ਮਨਿੰਦਰਜੀਤ ਸਿੰਘ ਬਾਵਾ ਵੱਲੋਂ ਜੰਗਲ ਦਾ ਦੌਰਾ ਕਰਦਿਆਂ ਰੁੱਖਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਵਣ ਮਹਾਂਉਤਸਵ ਮੌਕੇ ਪੰਜਾਬ, ਚੰਡੀਗੜ ਅਤੇ ਦਿੱਲੀ ਵਰਗੇ ਮਹਾਨ ਨਗਰਾਂ ਤੋਂ ਮੱਤੇਵਾੜਾ ਦੀ ਧਰਤੀ ਦੀ ਹਿੱਕ ਤੇ ਪੁੱਜ ਕੇ ਉਸ ਜੰਗਲ ਚ' ਰੁੱਖ ਲਗਾਉਣ ਦਾ ਯੋਗਦਾਨ ਪਾਇਆ।
ਇਸ ਮੌਕੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਨਾਲ ਆਏ ਸਟਾਫ ਨੇ ਕੁਦਰਤ ਦਾ ਅਨੰਦ ਮਾਣਿਆ। ਇਸ ਮੌਕੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਦੇ ਬੱਚਿਆਂ ਨੇ ਇਸ ਜੰਗਲ ਵਿੱਚ ਆਪਣੇ ਹੱਥੀਂ ਰੁੱਖ ਲਗਾ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।