ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਅਪਰੈਲ
ਸਥਾਨਕ ਡੀਏਵੀ ਪਬਲਿਕ ਸਕੂਲ ਵਿੱਚ ਅੱਜ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਦੀ ਦੇਖ-ਰੇਖ ਹੇਠ ਸਕੂਲ ਦੇ ਵਿਹੜੇ ਵਿੱਚ ਨਰਸਰੀ ਤੋਂ ਦੂਜੀ ਜਮਾਤ ਦੇ ਬੱਚਿਆਂ ਨੇ ਵਿਸਾਖੀ ਦਾ ਤਿਉਹਾਰ ਮਨਾਇਆ। ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਸਕੂਲ ਆਏ।
ਪੰਜਾਬੀ ਸਭਿਆਚਾਰ ਨਾਲ ਸਬੰਧਤ ਸਟਾਲ ਵੀ ਸਕੂਲ ਵਿੱਚ ਲਗਾਏ ਗਏ ਜਿਸ ਰਾਹੀਂ ਬੱਚਿਆਂ ਨੂੰ ਪੰਜਾਬ ਦੇ ਸਭਿਆਚਾਰ ਬਾਰੇ ਜਾਣੂ ਕਰਵਾਇਆ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੂਲਮੰਤਰ ਦਾ ਜਾਪ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਕੂਲ ਦੇ ਵਿਹੜੇ ਵਿੱਚ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਜਿਵੇਂ ਚਰਖਾ, ਪੰਜਾਬੀ ਜੁੱਤੀ, ਫੁਲਕਾਰੀ, ਤਸਵੀਰਾਂ, ਪੰਜਾਬ ਦਾ ਮਸ਼ਹੂਰ ਭੋਜਨ ਸਾਗ-ਮੱਕੀ ਦੀ ਰੋਟੀ, ਪਕੌੜੇ, ਲੱਸੀ ਆਦਿ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਡਾਂਸ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਛੋਟੇ ਵਿਦਿਆਰਥੀਆਂ ਨੇ ਗੱਤਕੇ ਨਾਲ ਸਾਰਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ. ਪਲਾਹ ਨੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ 'ਤੇ ਮੁਬਾਰਕਬਾਦ ਦੇਣ ਦੇ ਨਾਲ ਇਸ ਤਿਉਹਾਰ ਨੂੰ ਮਨਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਤੇ ਸਟਾਫ਼ ਨੇ ਵਿਸਾਖੀ ਦੇ ਤਿਉਹਾਰ ਦਾ ਆਨੰਦ ਮਾਣਿਆ। ਇਸ ਸਮੇਂ ਸਕੂਲ ਦੇ ਜੂਨੀਅਰ ਸਟਾਫ਼ ਦੇ ਸਾਰੇ ਅਧਿਆਪਕ, ਡੀਪੀਈ, ਕਲਰਕ ਤੇ ਹੋਰ ਮੌਜੂਦ ਰਹੇ।