ਏਜੰਸੀ ਵੱਲੋਂ ਗੱਡੀ ਦੀ ਆਰਸੀ ਨਾ ਬਣਾਉਣ ’ਤੇ ਹੰਗਾਮਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 4 ਜੁਲਾਈ
ਪੰਜਾਬ ਸਰਕਾਰ ਵੱਲੋਂ 45 ਦਿਨਾਂ ਦੇ ਅੰਦਰ ਨਵੀਂ ਗੱਡੀ ਦੀ ਰਜਿਸਟਰੇਸ਼ਨ ਕਰ ਕੇ ਮਾਲਕ ਨੂੰ ਗੱਡੀ ਦੀ ਆਰਸੀ ਦੇਣ ਦਾ ਨਿਯਮ ਬਣਾਇਆ ਗਿਆ ਹੈ ਪਰ ਖੰਨਾ ਵਿੱਚ ਸਕਾਰਪੀਓ ਗੱਡੀ ਦੀ ਏਜੰਸੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਨਵੀਂ ਗੱਡੀ ਖ਼ਰੀਦਣ ਵਾਲੇ ਮਾਲਕ ਨੂੰ 9 ਮਹੀਨੇ ਤੋਂ ਗੱਡੀ ਦੀ ਆਰਸੀ ਹੀ ਨਹੀਂ ਦਿੱਤੀ ਗਈ ਅਤੇ ਨਾ ਹੀ ਆਨਲਾਈਨ ਰਜਿਸਟਰੇਸ਼ਨ ਹੋਈ ਹੈ। ਇਸ ਗਲਤੀ ਕਰਕੇ ਗੱਡੀ ਦਾ ਮਾਲਕ ਰਾਹੁਲ ਅਰੋੜਾ ਦੋ ਵਾਰ ਚਲਾਨ ਭੁਗਤ ਚੁੱਕਾ ਹੈ ਜਿਸ ਤੋਂ ਦੁਖੀ ਹੋ ਕੇ ਉਸ ਨੇ ਗੱਡੀ ਏਜੰਸੀ ਦੇ ਮੇਨ ਗੇਟ ਅੱਗੇ ਗੱਡੀ ਖੜ੍ਹੀ ਕਰ ਕੇ ਰੋਸ ਪ੍ਰਗਟਾਇਆ। ਰਾਹੁਲ ਅਰੋੜਾ ਨੇ ਦੱਸਿਆ ਕਿ ਉਸ ਨੇ 27 ਨਵੰਬਰ 2024 ਨੂੰ ਏਜੰਸੀ ਤੋਂ ਸਕਾਰਪੀਓ ਗੱਡੀ ਲਈ ਸੀ ਅਤੇ ਗੱਡੀ ਦੀ ਬਣਦੀ ਪੂਰੀ ਰਕਮ ਵੀ ਅਦਾ ਕਰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਉਸਦਾ ਦਿੱਲੀ ਵਿੱਚ ਤਿੰਨ ਵਾਰ ਚਲਾਨ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਏਜੰਸੀ ਵਾਲੇ ਉਸ ਨੂੰ ਪੈਸੇ ਵਾਪਸ ਕਰ ਦੇਣ ਜਾਂ ਫਿਰ ਆਨਲਾਈਨ ਰਜਿਸਟਰੇਸ਼ਨ ਕਰਵਾ ਕੇ ਦੇਣ। ਹੰਗਾਮੇ ਨੂੰ ਸ਼ਾਂਤ ਕਰਦਿਆਂ ਏਜੰਸੀ ਪ੍ਰਬੰਧਕਾਂ ਨੇ ਹਫ਼ਤੇ ਵਿੱਚ ਆਰਸੀ ਬਣਾ ਕੇ ਦੇਣ ਦਾ ਭਰੋਸਾ ਦਿਵਾਇਆ।
ਕਾਗਜ਼ੀ ਕਾਰਵਾਈ ਮੁਕੰਮਲ ਕਰ ਦਿੱਤੀ ਗਈ ਹੈ: ਏਜੰਸੀ ਪ੍ਰਬੰਧਕ
ਏਜੰਸੀ ਦੇ ਪ੍ਰਬੰਧਕ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਟੈਕਸ ਭਰਿਆ ਜਾ ਚੁੱਕਾ ਹੈ ਅਤੇ ਨੰਬਰ ਪਲੇਟਾਂ ਵੀ ਲੱਗ ਚੁੱਕੀਆਂ ਹਨ ਪਰ ਪਸੰਦ ਦਾ ਨੰਬਰ ਲੈਣ ਕਾਰਨ ਕਿਸੇ ਕਾਰਨ ਆਰਸੀ ਆਨਲਾਈਨ ਨਹੀਂ ਚੜ੍ਹ ਸਕੀ। ਇਸ ਦੀ ਆਈਡੀ ਸਰਕਾਰ ਵੱਲੋਂ ਹੀ ਬਣਾਈ ਜਾਂਦੀ ਹੈ। ਉਨ੍ਹਾਂ ਆਪਣੇ ਵੱਲੋਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਹੈ।