ਯੂਨਾਈਟਿਡ ਅਕਾਲੀ ਦਲ ਵੱਲੋਂ ‘ਆਪ’ ’ਤੇ ਵਾਅਦਾਖ਼ਿਲਾਫੀ ਦਾ ਦੋਸ਼
ਤਰਨ ਤਾਰਨ ਜ਼ਿਮਨੀ ਚੋਣ ’ਚ ਅਾਜ਼ਾਦ ਉਮੀਦਵਾਰ ਮਨਦੀਪ ਸਿੰਘ ਦੀ ਹਮਾਇਤ ਦਾ ਅੈਲਾਨ
ਇਥੇ ਯੂਨਾਈਟਿਡ ਅਕਾਲੀ ਦਲ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ’ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ ਹੈ, ਇਸ ਦੇ ਨਾਲ ਹੀ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਆਜ਼ਾਦ ਉਮੀਦਵਾਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਇਥੇ ਡਾ. ਭੀਮ ਰਾਓ ਅੰਬੇਦਕਰ ਭਵਨ ਵਿੱਚ ਜਨਰਲ ਸਕੱਤਰ ਜਤਿੰਦਰ ਸਿੰਘ ਈਸੜੂ ਦੀ ਅਗਵਾਈ ਹੇਠ ਸੂਬਾ ਪੱਧਰੀ ਮੀਟਿੰਗ ਵਿੱਚ ਰਛਪਾਲ ਸਿੰਘ ਨੂੰ ਪੰਜਾਬ ਦਾ ਮੀਤ ਪ੍ਰਧਾਨ, ਬੀਬੀ ਰਾਜਿੰਦਰ ਕੌਰ ਨੂੰ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ, ਮਨਜਿੰਦਰ ਸਿੰਘ ਨੂੰ ਮੁਹਾਲੀ ਅਤੇ ਤੇਜਿੰਦਰ ਸਿੰਘ ਨੂੰ ਚੰਡੀਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਸੂਬਾ ਸਰਕਾਰ ਵੱਲੋਂ ਜਿਹੜੇ ਵਾਅਦੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ। ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦਿਨੋਂ ਦਿਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਦੁਨੀਆਂ ਭਰ ਦੇ ਗੁਰਦੁਆਰਿਆਂ ਅਤੇ ਘਰਾਂ ਵਿੱਚ ਅਰਦਾਸ ਕੀਤੀ ਜਾਵੇਗੀ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਯੂਨਾਈਟਿਡ ਅਕਾਲੀ ਦਲ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਆਜ਼ਾਦ ਉਮੀਦਵਾਰ ਭਾਈ ਮਨਦੀਪ ਸਿੰਘ ਦਾ ਸਮਰਥਨ ਕਰੇਗਾ। ਉਨ੍ਹਾਂ ਵਰਕਰਾਂ ਨੂੰ ਭਾਈ ਮਨਦੀਪ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਵਿਧਾਨ ਸਭਾ ਵਿੱਚ ਪਹੁੰਚ ਕੇ ਸਿੱਖਾਂ ਦੇ ਮਸਲੇ ਚੁੱਕ ਸਕੇ। ਭਾਈ ਬਠਿੰਡਾ ਨੇ ਦੱਸਿਆ ਕਿ 14 ਨਵੰਬਰ ਨੂੰ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚੇ ਵਲੋਂ ਭਰਵਾਂ ਇਕੱਠ ਕੀਤਾ ਜਾ ਰਿਹਾ ਹੈ ਅਤੇ 12 ਦਸੰਬਰ ਨੂੰ ਉਨ੍ਹਾਂ ਦੀ ਜਥੇਬੰਦੀ ਵਲੋਂ ਮੋਗਾ ਵਿੱਚ ਇਕ ਵੱਡੀ ਕਾਨਫਰੰਸ ਕੀਤੀ ਜਾਵੇਗੀ। ਇਸ ਸਮੇਂ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ, ਜਨਰਲ ਸਕੱਤਰ ਸੁਰਜੀਤ ਸਿੰਘ, ਜਥੇਦਾਰ ਦਲੀਪ ਸਿੰਘ ਆਦਿ ਹਾਜ਼ਰ ਸਨ।

