ਦਿ ਲੱਖਾ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ
ਪੱਤਰ ਪ੍ਰੇਰਕ
ਜਗਰਾਉਂ, 21 ਮਈ
ਦਿ ਲੱਖਾ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਲੱਖਾ ਦੀ ਪ੍ਰਬੰਧਕੀ ਟੀਮ ਦੀ ਚੋਣ ਆਪਸੀ ਭਾਈਚਾਰਕ ਸਾਂਝ ਨਾਲ ਨੇਪਰੇ ਚੜ੍ਹ ਗਈ ਹੈ। ਪਿਛਲੇ ਮਹੀਨੇ 30 ਅਪਰੈਲ ਨੂੰ ਸੁਸਾਇਟੀ ਦੇ ਅਧਿਕਾਰਿਤ ਵੋਟਰਾਂ ਨੇ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ, ਜਿਹੜੇ ਉਮੀਦਵਾਰਾਂ ਦੇ ਹਿੱਸੇ ਜਿੱਤ ਆਈ ਉਨ੍ਹਾਂ ਵਿੱਚੋਂ ਅੱਜ ਨਵੀਂ ਟੀਮ ਦੀ ਚੋਣ ਕਰਦਿਆਂ ਆਪਸੀ ਸਹਿਮਤੀ ਨਾਲ ਬੀਬੀ ਮਹਿੰਦਰ ਕੌਰ ਨੂੰ ਪ੍ਰਧਾਨ, ਜਸਮੇਲ ਸਿੰਘ ਮੀਤ ਪ੍ਰਧਾਨ, ਗੁਰਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ ਚੁੱਣਨ ਉਪਰੰਤ ਹਾਕਮ ਸਿੰਘ, ਹਰਬੰਸ ਸਿੰਘ ਅਤੇ ਜਗਦੇਵ ਸਿੰਘ ਨੂੰ ਬਤੌਰ ਮੈਂਬਰ ਚੁੱਣਿਆ ਗਿਆ। ਸੁਸਾਇਟੀ ਸਕੱਤਰ ਬਰਜਿੰਦਰ ਸਿੰਘ ਨੇ ਨਵੀਂ ਟੀਮ ਦੇ ਨਾਵਾਂ ਦੀ ਸੂਚੀ ਪੜ੍ਹੀ ਜਿਸ ਨੂੰ ਸਾਰਿਆਂ ਨੇ ਸਵੀਕਾਰ ਕਰਦਿਆਂ ਚੋਣ ’ਤੇ ਮੋਹਰ ਲਗਾਈ।
ਨਵੇਂ ਬਣੇ ਪ੍ਰਧਾਨ ਮਹਿੰਦਰ ਕੌਰ ਨੇ ਸਭਾ ਦੇ ਮੈਂਬਰਾਂ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਸਾਰੇ ਵਰਗਾਂ ਅਤੇ ਧੜਿਆਂ ਨੂੰ ਸਤਿਕਾਰ ਦੇਣ ਅਤੇ ਕਿਸਾਨਾਂ ਦੀ ਭਲਾਈ ਲਈ ਨਵੀਆਂ ਯੋਜਨਾਵਾਂ ਲੈ ਕੇ ਆਉਣ ਦਾ ਵਾਅਦਾ ਕੀਤਾ।ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਇਸ ਸੰਸਥਾ ਨਾਲ ਜੁੱੜੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਧੂਰੇ ਰਹਿੰਦੇ ਸਾਰੇ ਕਾਰਜ ਜਲਦੀ ਨੇਪਰੇ ਚਾੜੇ ਜਾਣਗੇ। ਉਪਰੰਤ ਨਵੀਂ ਚੁੱਣੀ ਟੀਮ ਨੂੰ ਡਾ. ਬਲਜਿੰਦਰ ਸਿੰਘ, ਡਾ.ਤਾਰਾ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ, ਜਸਵਿੰਦਰ ਸਿੰਘ ਸਿੱਧੂ ਨੇ ਵਧਾਈ ਦਿੱਤੀ ਅਤੇ ਕਿਸਾਨ ਭਲਾਈ ਲਈ ਹਰ ਕਾਰਜ ਵਿੱਚ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ। ਇਸ ਮੁਬਾਰਕ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਤੋਂ ਇਲਾਵਾ ਸੁਸਾਇਟੀ ਸੇਲਜ਼ਮੈਨ ਇੰਦਰਜੀਤ ਸਿੰਘ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,ਮਨਜੀਤ ਸਿੰਘ ਗਵਾਲੀਅਰ,ਸਰਪੰਚ ਹਰਜੀਤ ਸਿੰਘ,ਬਲਵਿੰਦਰ ਸਿੰਘ,ਸਾਬਕਾ ਪ੍ਰਧਾਨ ਰਣਜੀਤ ਸਿੰਘ,ਗੁਰਜੰਟ ਸਿੰਘ ਤੇ ਹੋਰ ਹਾਜ਼ਰ ਸਨ।