ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਹਲਾਕ; ਦੋ ਜ਼ਖ਼ਮੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਫਰਵਰੀ
ਇਥੇ ਸਮਰਾਲਾ ਰੋਡ ’ਤੇ ਪੈਲੇਸ ਨੇੜੇ ਸੜਕ ਹਾਦਸੇ ਵਿਚ ਦੋ ਮੋਟਰਸਾਈਕਲ ਸਵਾਰ ਗੋਬਿੰਦਾ ਕੁਮਾਰ (29) ਤੇ ਮਿਥਨ ਕੁਮਾਰ (32) ਵਾਸੀ ਗੁਰੋ ਕਲੋਨੀ ਮਾਛੀਵਾੜਾ ਦੀ ਮੌਤ ਹੋ ਗਈ, ਜਦਕਿ ਰਾਮ ਭਰੋਸੇ ਸਾਹਨੀ ਜ਼ਖ਼ਮੀ ਹੋ ਗਿਆ। ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਗੜ੍ਹੀ ਪੁਲ ਨੇੜੇ ਸਥਿਤ ਕੋਲਡ ਸਟੋਰ ਵਿਚ ਕੰਮ ਕਰਕੇ ਰਾਤ ਕਰੀਬ 9.30 ਵਜੇ ਘਰ ਪਰਤ ਰਹੇ ਸਨ ਕਿ ਪੈਲੇਸ ਨੇੜੇ ਮਾਛੀਵਾੜਾ ਵਲੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਹ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗੇ, ਜਦਕਿ ਨੇੜੇ ਪੈਦਲ ਜਾ ਰਿਹਾ ਵਿਅਕਤੀ ਵੀ ਇਸ ਹਾਦਸੇ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਿਆ। ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਦੋਵਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦਕਿ ਤੀਸਰਾ ਵਿਅਕਤੀ ਰਾਮ ਭਰੋਸੇ ਸਾਹਨੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਇਸ ਦੇ ਚਾਲਕ ਸਤੀਸ਼ ਕੁਮਾਰ ਵਾਸੀ ਊਨਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਤੀਸ਼ ਕੁਮਾਰ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਮੁੱਢਲੀ ਸਹਾਇਤਾ ਉਪਰੰਤ ਅੱਗੇ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਹਾਦਸੇ ਵਿਚ ਮਾਰੇ ਦੋਵੇਂ ਨੌਜਵਾਨ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹਨ।