ਕਤਲ ਦੇ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਆਏ ਨੌਜਵਾਨ ਨੂੰ ਪੁਲੀਸ ਨੇ ਉਸ ਦੇ ਸਾਥੀ ਸਣੇ ਹੈਰੋਇਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਫੋਕਲ ਪੁਆਇੰਟ ਖੇਤਰ ਵਿੱਚ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਲਈ ਜਾਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ 100 ਗ੍ਰਾਮ ਹੈਰੋਇਨ, ਇੱਕ 315 ਬੋਰ ਦਾ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਾਜਪੁਰ ਰੋਡ ’ਤੇ ਈ ਡਬਲਯੂ ਐੱਸ ਕਲੋਨੀ ਦੇ ਵਾਸੀ ਵਿਸ਼ਾਲ ਅਤੇ ਭਾਮੀਆਂ ਖੁਰਦ ਦੇ ਵਾਸੀ ਹਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਦੋਵਾਂ ਦੇ ਵਿਰੁੱਧ ਨਸ਼ਾ ਤਸਕਰੀ ਅਤੇ ਅਸਲਾ ਐਕਟ ਦੇ ਤਹਿਤ ਥਾਣਾ ਫੋਕਲ ਪੁਆਇੰਟ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲੀਸ ਟੀਮ ਨੇ ਫੋਕਲ ਪੁਆਇੰਟ ਇਲਾਕੇ ਵਿੱਚ ਨਾਕਾ ਲਗਾਇਆ ਸੀ। ਜਦੋਂ ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਹੋਇਆ। ਪੁਲੀਸ ਜਾਂਚ ਵਿੱਚ ਪਤਾ ਲੱਗਾ ਕਿ ਵਿਸ਼ਾਲ ਵਿਰੁੱਧ ਕਤਲ ਦਾ ਕੇਸ ਦਰਜ ਹੈ ਅਤੇ ਉਹ ਛੇ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਜੇਲ੍ਹ ਤੋਂ ਆਉਣ ਤੋਂ ਬਾਅਦ ਮੁਲਜ਼ਮ ਨੂੰ ਕੋਈ ਕੰਮ ਨਾ ਮਿਲਣ ਕਰਕੇ ਉਸ ਨੇ ਹਰਮਿੰਦਰ ਨਾਲ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀ। ਪੁਲੀਸ ਅਨੁਸਾਰ ਹਰਮਿੰਦਰ ਵਿਰੁੱਧ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਕੇਸ ਦਰਜ ਹਨ। ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

