ਲੁਧਿਆਣਾ ਰੇਵਲੇ ਸਟੇਸ਼ਨ ਤੋਂ ਦੋ ਸਾਲਾਂ ਦੀ ਬੱਚੀ ਲਾਪਤਾ
ਸਨਅਤੀ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਅੱਜ 2 ਸਾਲਾਂ ਦੀ ਬੱਚੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈ। ਜਿਵੇਂ ਹੀ ਬੱਚੀ ਲਾਪਤਾ ਹੋਈ ਪਰਿਵਾਰ ਨੂੰ ਭਾਜੜਾਂ ਪੈ ਗਈਆਂ। ਪਰਿਵਾਰ ਨੇ ਤੁਰੰਤ ਇਸ ਦੀ ਸੂਚਨਾ ਜੀਆਰਪੀ ਨੂੰ ਦਿੱਤੀ। ਸੂਚਨਾ ਮਿਲਣ ’ਤੇ ਜੀਆਰਪੀ ਦੀ ਟੀਮ ਨੇ ਸਟੇਸ਼ਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਪੁਲੀਸ ਨੇ ਇਲਾਕੇ ਵਿੱਚ ਬੱਚੀ ਦੀ ਭਾਲ ਵੀ ਆਰੰਭ ਦਿੱਤੀ। ਪੀੜਤ ਪਰਿਵਾਰ ਮੂਲ ਰੂਪ ਵਿੱਚ ਝਾਰਖੰਡ ਦੀ ਰਹਿਣ ਵਾਲਾ ਹੈ।
ਬੱਚੀ ਦੇ ਪਿਤਾ ਰਾਜੇਸ਼ ਨੇ ਦੱਸਿਆ ਕਿ ਉਹ ਬੀਤੀ ਰਾਤ ਧੂਰੀ ਤੋਂ ਰੇਲਗੱਡੀ ਰਾਹੀਂ ਲੁਧਿਆਣਾ ਆਇਆ ਸੀ ਅਤੇ ਸ਼ੁੱਕਰਵਾਰ ਸਵੇਰੇ ਦੁਰਗਾ ਮਾਤਾ ਮੰਦਿਰ ਨੇੜੇ ਲੰਗਰ ਛਕਣ ਮਗਰੋਂ ਉਹ ਦੁਬਾਰਾ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਨੰਬਰ 7 ’ਤੇ ਆਰਾਮ ਕਰਨ ਲਈ ਬੈਠ ਗਿਆ। ਰਾਜੇਸ਼ ਅਨੁਸਾਰ ਉਸ ਦੀ 2 ਸਾਲਾਂ ਦੀ ਧੀ ਰੀਨਾ ਉਨ੍ਹਾਂ ਨਾਲ ਹੀ ਸਟੇਸ਼ਨ ’ਤੇ ਬੈਠੇ ਸੀ ਪਰ ਜਿਵੇਂ ਹੀ ਕੁਝ ਪਲਾਂਂ ਲਈ ਉਨ੍ਹਾਂ ਦਾ ਧਿਆਨ ਕਿਤੇ ਹੋਰ ਲੱਗਿਆ ਕੋਈ ਬੱਚੀ ਨੂੰ ਚੁੱਕ ਕੇ ਲੈ ਗਿਆ।
ਜਦੋਂ ਉਨ੍ਹਾਂ ਨੂੰ ਬੱਚੀ ਦੇ ਗਾਇਬ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਟੇਸ਼ਨ ਕੰਪਲੈਕਸ ਅਤੇ ਨੇੜਲੇ ਇਲਾਕਿਆਂ ਵਿੱਚ ਬੱਚੀ ਦੀ ਭਾਲ ਕੀਤੀ ਗਈ। ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲੀ। ਰਾਜੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੱਚੀ ਨੂੰ ਅਗਵਾ ਕੀਤਾ ਗਿਆ ਹੈ। ਹਾਲਾਂਕਿ, ਡੀਆਰਪੀ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ, ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁੜੀ ਦੀ ਮਾਂ ਸੁਸ਼ੀਲਾ ਨੇ ਦੱਸਿਆ ਕਿ ਜਦੋਂ ਕੁੜੀ ਲਾਪਤਾ ਹੋਈ ਤਾਂ ਕਬਾੜ ਇਕੱਠਾ ਕਰਨ ਵਾਲੇ ਪਲੈਟਫਾਰਮ ’ਤੇ ਘੁੰਮ ਰਹੇ ਸਨ ਅਤੇ ਕੁੜੀ ਉਨ੍ਹਾਂ ਨਾਲ ਖੇਡ ਰਹੀ ਸੀ। ਫਿਰ ਕੁਝ ਸਮੇਂ ਬਾਅਦ ਕੁੜੀ ਅਚਾਨਕ ਲਾਪਤਾ ਹੋ ਗਈ। ਜੀਆਰਪੀ ਮੁਲਾਜ਼ਮ ਦੇਰ ਸ਼ਾਮ ਤੱਕ ਬੱਚੀ ਦੀ ਭਾਲ ਕਰਦੇ ਰਹੇ।