ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਮੋਤੀ ਨਗਰ ਦੇ ਇਲਾਕੇ ਸਮਰਾਲਾ ਚੌਕ ਨੇੜੇ ਕਾਨਪੁਰੀਆ ਢਾਬਾ ਦੇ ਸਾਹਮਣੇ ਤੇਜ਼ ਰਫ਼ਤਾਰੀ ਗੱਡੀ ਦੀ ਲਪੇਟ ਵਿੱਚ ਆ ਕੇ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਇੱਕ ਆਟੋ ਚਾਲਕ ਮੰਗਤ ਰਾਮ ਉਰਫ਼ ਮੰਗੀ ਨੇ ਦੱਸਿਆ ਹੈ ਕਿ ਉਹ ਰਾਤ ਨੂੰ ਸ਼ੇਰਪੁਰ ਤਰਫੋਂ ਪੁੱਲ ਰਾਹੀਂ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰੀ ਗੱਡੀ ਦੇ ਡਰਾਇਵਰ ਨੇ ਕਾਨ੍ਹਪੁਰੀਆ ਢਾਬਾ ਦੇ ਸਾਹਮਣੇ ਸੜਕ ਪਾਰ ਕਰ ਰਹੇ ਅਣਪਛਾਤੇ ਵਿਅਕਤੀ ਨੂੰ ਗੱਡੀ ਥੱਲੇ ਕੁਚਲ ਦਿੱਤਾ ਅਤੇ ਗੱਡੀ ਭਜਾ ਕੇ ਲੈ ਗਿਆ।
ਥਾਣੇਦਾਰ ਅਨਿਲ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਰਚਰੀ ਵਿੱਚ ਰਖਵਾ ਦਿੱਤੀ ਹੈ ਅਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੇ ਇਲਾਕੇ ਮੇਨ ਜੀਟੀ ਰੋਡ ਸਥਿਤ ਦਾਦਾ ਮੋਟਰਜ਼ ਸ਼ਕਤੀ ਨਗਰ ਦੇ ਕੋਲ ਪੁੱਲ ਉਪਰ ਇੱਕ ਅਣਪਛਾਤੇ ਵਿਅਕਤੀ ਦੀ ਵਾਹਨ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋਈ ਜਦਕਿ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ।