ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਜੂਨ
ਵੱਖ ਵੱਖ ਥਾਵਾਂ ਤੇ ਹੋਏ ਸੜਕ ਹਾਦਸਿਆਂ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦੇ ਵਾਹਨ ਵੀ ਨੁਕਸਾਨੇ ਗਏ ਹਨ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਸਥਿਤ ਵਿਸ਼ਵਕਰਮਾ ਚੌਕ ਵਿੱਚ ਦੋ ਈ-ਰਿਕਸ਼ਾ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਇੱਕ ਈ-ਰਿਕਸ਼ਾ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਦਾ ਈ-ਰਿਕਸ਼ਾ ਵੀ ਨੁਕਸਾਨਿਆ ਗਿਆ ਹੈ। ਗੁਰੂ ਨਾਨਕ ਦੇਵ ਨਗਰ ਡਾਬਾ ਲੋਹਾਰਾ ਰੋਡ ਵਾਸੀ ਅਨਿਲ ਕੁਮਾਰ ਆਪਣੇ ਈ-ਰਿਕਸ਼ਾ ’ਤੇ ਢੋਲੇਵਾਲ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਵਿਸ਼ਵਕਰਮਾ ਚੌਕ ਪਾਰ ਕਰਦਿਆਂ ਦੂਜੇ ਪਾਸਿਓਂ ਗਲਤ ਪਾਸਿਓਂ ਆ ਰਹੇ ਈ-ਰਿਕਸ਼ਾ ਚਾਲਕ ਅਵਤਾਰ ਸਿੰਘ ਨੇ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਨੂੰ ਟੱਕਰ ਮਾਰੀ, ਜਿਸ ਕਾਰਨ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਈ-ਰਿਕਸ਼ਾ ਦਾ ਵੀ ਨੁਕਸਾਨ ਹੋਇਆ। ਉਨ੍ਹਾਂ ਜਦੋਂ ਉਸ ਈ-ਰਿਕਸ਼ਾ ਦੇ ਚਾਲਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਮੁਲਜ਼ਮ ਦੇ ਸਾਥੀਆਂ ਨੇ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਈ-ਰਿਕਸ਼ਾ ਲੈ ਕੇ ਫ਼ਰਾਰ ਹੋ ਗਏ। ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਵਤਾਰ ਸਿੰਘ ਵਾਸੀ ਪਿੰਡ ਲੋਹਾਰਾ, ਗੁਰਪ੍ਰੀਤ ਸਿੰਘ ਵਾਸੀ ਮਹਾਂ ਸਿੰਘ ਨਗਰ ਅਤੇ ਲਵਜੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਮੈੜ ਦੀ ਚੱਕੀ ਡਾਬਾ ਰੋਡ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਜੋਧੇਵਾਲ ਦੇ ਇਲਾਕੇ ਕਾਲੀ ਸੜਕ ਦੇ ਮੋੜ ਕੋਲ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀ ਥਾਰ ਦੀ ਟੱਕਰ ਨਾਲ ਜ਼ਖ਼ਮੀ ਹੋ ਗਏ ਹਨ। ਮੁਹੱਲਾ ਬੈਂਕ ਕਲੋਨੀ ਨੂਰਵਾਲਾ ਰੋਡ ਵਾਸੀ ਨਵੀਨ ਕੁਮਾਰ ਠੇਕੇਦਾਰ ਮਹੇਸ਼ ਕੁਮਾਰ ਨਾਲ ਖੜ੍ਹਾ ਗੱਲਬਾਤ ਕਰ ਰਿਹਾ ਸੀ ਤਾਂ ਇੱਕ ਥਾਰ ਗੱਡੀ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਗੱਡੀ ਚਲਾ ਕੇ ਉਸ ਨੂੰ ਫੇਟ ਮਾਰੀ, ਜਿਸ ਕਾਰਨ ਉਹ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਇਸ ਦੌਰਾਨ ਗੱਡੀ ਚਾਲਕ ਗੱਡੀ ਸਣੇ ਫ਼ਰਾਰ ਹੋ ਗਿਆ। ਪੁਲੀਸ ਨੇ ਸੰਨੀ ਵਾਸੀ ਲੱਕੀ ਮੈਡੀਕਲ ਸਟੋਰ ਕਾਲੀ ਸੜਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।