ਸੜਕ ਹਾਦਸਿਆਂ ’ਚ ਦੋ ਹਲਾਕ, ਤਿੰਨ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
ਥਾਣਾ ਸਾਹਨੇਵਾਲ ਦੇ ਇਲਾਕੇ ਸਰਵਿਸ ਰੋਡ ਨੇੜੇ ਐੱਫਸੀਆਈ ਗੋਦਾਮ ਢੰਡਾਰੀ ਕਲਾਂ ਕੋਲ ਬਰਜੇਸ਼ ਸ਼ਾਹ ਵਾਸੀ ਢੰਡਾਰੀ ਕਲਾਂ ਦਾ ਛੋਟਾ ਲੜਕਾ ਵਿਕਾਸ ਕੁਮਾਰ ਸ਼ਾਹ (23) ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਸਰਵਿਸ ਰੋਡ ਢੰਡਾਰੀ ਕਲਾਂ ਕੋਲ ਕੈਂਟਰ ਚਾਲਕ ਉਸ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਹਸਪਤਾਲ ਲਿਜਾਣ ਮੌਕੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਰਾਜਿੰਦਰ ਸਿੰਘ ਵਾਸੀ ਪਿੰਡ ਛੰਦੜਾਂ ਦਾ ਛੋਟਾ ਭਰਾ ਰਾਜਪਾਲ ਸਿੰਘ (44) ਮੋਟਰਸਾਈਕਲ ’ਤੇ ਆ ਰਿਹਾ ਸੀ, ਜਦੋਂ ਨਿੱਜਰ ਕੰਪਲੈਕਸ ਫੇਸ-5 ਫੋਕਲ ਪੁਆਇੰਟ ਸਾਹਮਣੇ ਪੁੱਜਿਆ ਤਾਂ ਟਰੱਕ ਚਾਲਕ ਦਲਜੀਤ ਸਿੰਘ ਵਾਸੀ ਪਿੰਡ ਬੋਂਦਲੀ ਨੇ ਰਾਜਪਾਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਟਰੱਕ ਕਬਜ਼ੇ ’ਚ ਲੈ ਲਿਆ ਹੈ। ਥਾਣਾ ਸਦਰ ਦੇ ਇਲਾਕੇ ਵਿੱਚ ਪੈਂਦੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਪਿੰਡ ਗਿੱਲ ਨੇੜੇ ਮਿਕਸਚਰ ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ ਦੋ ਨੋਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਪਾਇਲ ਵਾਸੀ ਦਵਿੰਦਰ ਸਿੰਘ ਤੇ ਕ੍ਰਿਪਾਲ ਸਿੰਘ ਵਜੋਂ ਹੋਈ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਪੈਟਰੋਲ ਪੰਪ ਨੇੜੇ ਮੱਛੀ ਮਾਰਕੀਟ ਕੋਲ ਰੋਹਿਤ ਸ਼ਰਮਾ ਵਾਸੀ ਗੁਰਮੀਤ ਨਗਰ ਗਿਆਸਪੁਰਾ ਆਪਣੀ ਇਲੈਕਟ੍ਰਿਕ ਸਕੂਟਰੀ ’ਤੇ ਜਾ ਰਿਹਾ ਸੀ, ਜਿਸ ਨੂੰ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਫੇਟ ਮਾਰ ਕੇ ਜ਼ਖ਼ਮੀ ਕਰ ਦਿੱਤਾ।