ਵੱਖ ਵੱਖ ਥਾਵਾਂ ਹੋਏ ਸੜਕ ਹਾਦਸਿਆਂ ਵਿੱਚ ਇੱਕ ਬਜ਼ੁਰਗ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਜੋਧੇਵਾਲ ਦੇ ਇਲਾਕੇ ਕੈਲਾਸ਼ ਨਗਰ ਰੋਡ ਵਿੱਚ ਮੁਹੱਲਾ ਗਗਨਦੀਪ ਕਲੋਨੀ ਬਸਤੀ ਜੋਧੇਵਾਲ ਵਾਸੀ ਮੁਖਤਿਆਰ ਸਿੰਘ (63) ਪੈਦਲ ਬਾਲ ਸਿੰਘ ਨਗਰ ਤੋਂ ਆਪਣੇ ਘਰ ਜਾ ਰਹੇ ਸੀ ਤਾਂ ਬਾਲ ਸਿੰਘ ਨਗਰ ਤੋਂ ਸੜਕ ਪਾਰ ਕਰਕੇ ਕੈਲਾਸ਼ ਨਗਰ ਰੋਡ ਵਾਲੀ ਵੱਲ ਜਾਣ ਲੱਗੇ ਜਲੰਧਰ ਬਾਈਪਾਸ ਵੱਲੋਂ ਆ ਰਹੇ ਟਰੱਕ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਮੁਖ਼ਤਿਆਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਹੌਲਦਾਰ ਜਸਵਿੰਦਰ ਪਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਉਨ੍ਹਾਂ ਦੇ ਲੜਕੇ ਸਤਨਾਮ ਸਿੰਘ ਉਰਫ਼ ਸੋਨੂੰ ਨੂੰ ਸੌਂਪ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਸਦਰ ਦੇ ਇਲਾਕੇ ਵਿੱਚ ਪੈਂਦੇ ਅਲੇਸੀਅਨ ਟਾਵਰ ਗਿੱਲ ਨਹਿਰ ਕੋਲ ਪਿੰਡ ਘਵੱਦੀ ਵਾਸੀ ਹਰਵਿੰਦਰ ਸਿੰਘ ਪੁੱਤਰ ਮੱਘਰ ਸਿੰਘ ਆਪਣੇ ਐਕਟਿਵਾ ਸਕੂਟਰ ’ਤੇ ਜਾ ਰਿਹਾ ਸੀ ਤਾਂ ਕਾਰ ਚਾਲਕ ਜਸਕੀਰਤ ਸਿੰਘ ਵਾਸੀ ਨਿਊ ਪੰਜਾਬ ਮਾਤਾ ਨਗਰ ਨੇ ਉਸ ਨੂੰ ਟੱਕਦ ਮਾਰੀ ਦਿੱਤੀ। ਹਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਉਨ੍ਹਾਂ ਦੇ ਭਤੀਜੇ ਗਗਨਦੀਪ ਸਿੰਘ ਨੂੰ ਸੌਂਪ ਦਿੱਤੀ ਹੈ।