ਨੇੜਲੇ ਪਿੰਡ ਗਾਲਿਬ ਰਣ ਸਿੰਘ ਵਿੱਚ ਅੱਜ ਉਸ ਵੇਲੇ ਕਾਫੀ ਗਹਿਮਾ ਗਹਿਮੀ ਰਹੀ ਜਦੋਂ ਪਿੰਡ ਵਿੱਚ ਲਾਏ ਦੋ ਦਰਜਨ ਤੋਂ ਵਧੇਰੇ ਪ੍ਰੀਪੇਡ ਸਮਾਰਟ ਮੀਟਰ ਲਾਹੇ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਘਰਾਂ ਦੇ ਬਾਹਰ ਲਾਏ ਇਹ ਮੀਟਰ ਉਤਾਰੇ ਗਏ ਅਤੇ ਇਕ ਮੰਜੇ ’ਤੇ ਇਕੱਠੇ ਕਰ ਲਏ। ਸੂਬਾਈ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਇਸ ਸਮੇਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਸਰਕਾਰ ਤੇ ਪਾਵਰਕੌਮ ਨੂੰ ਇਹ ਪ੍ਰੀਪੇਡ ਸਮਾਰਟ ਮੀਟਰ ਨਾ ਲਾਉਣ ਦੀ ਤਾੜਨਾ ਕੀਤੀ ਹੋਈ ਹੈ। ਇਸ ਲਈ ਬਾਕਾਇਦਾ ਪਹਿਲਾਂ ਹੀ ਵਰਜਿਆ ਹੋਇਆ ਹੈ ਕਿਉਂਕਿ ਇਹ ਮੀਟਰ ਆਮ ਲੋਕਾਂ ਤੇ ਗਰੀਬਾਂ ਦੇ ਪੱਖ ਵਿੱਚ ਨਹੀਂ।
ਉਨ੍ਹਾਂ ਕਿਹਾ ਕਿ ਜਦੋਂ ਪ੍ਰੀਪੇਡ ਮੀਟਰ ਲੱਗ ਗਏ ਤਾਂ ਮੋਬਾਈਲ ਸਮੇਤ ਹੋਰਨਾਂ ਸਾਧਨਾਂ ਵਾਂਗ ਪਹਿਲਾਂ ਰੁਪਏ ਪੁਆਣੇ ਪਿਆ ਕਰਨਗੇ ਫੇਰ ਹੀ ਬਿਜਲੀ ਮਿਲਿਆ ਕਰੇਗੀ। ਇਸ ਨਾਲ ਮੁਫ਼ਤ ਬਿਜਲੀ ਦੇ ਮਿਲਦੇ ਯੂਨਿਟ ਦਾ ਵੀ ਰੌਲਾ ਪਵੇਗਾ। ਇਹ ਬਿਲਕੁਲ ਉਸੇ ਤਰ੍ਹਾਂ ਫਸਾਉਣ ਵਾਲਾ ਕੰਮ ਹੈ ਜਿਵੇਂ ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ ਦੇ ਮਾਮਲੇ ਵਿੱਚ ਕੀਤਾ। ਪਹਿਲਾਂ ਗੈਸ ਸਿਲੰਡਰਾਂ ’ਤੇ ਵਧੇਰੇ ਸਬਸਿਡੀ ਸੀ। ਫੇਰ ਉਹੀ ਸਬਸਿਡੀ ਬੈਂਕ ਖਾਤਿਆਂ ਵਿੱਚ ਆਉਣ ਦੀ ਗੱਲ ਕਹਿ ਕੇ ਭਰਮਾਇਆ ਗਿਆ। ਆਖ਼ਰ ਨੂੰ ਨਤੀਜਾ ਕੀ ਹੋਇਆ ਸਭ ਨੂੰ ਪਤਾ ਹੈ ਤੇ ਸਿਰਫ਼ ਵੀਹ ਰੁਪਏ ਸਬਸਿਡੀ ਆਉਂਦੀ ਹੈ। ਇਸ ਲਈ ਜੇਕਰ ਪ੍ਰੀਪੇਡ ਸਮਾਰਟ ਮੀਟਰ ਲੱਗ ਗਏ ਤਾਂ ਮੁਫ਼ਤ ਬਿਜਲੀ ਦੇ ਯੂਨਿਟ ਤੇ ਹੋਰ ਸਬਸਿਡੀ ਸਭ ਜਾਂਦੀ ਰਹੇਗੀ। ਸਰਕਾਰਾਂ ਹੌਲੀ ਹੌਲੀ ਯੋਜਨਾਬੱਧ ਢੰਗ ਨਾਲ ਇਸੇ ਦਿਸ਼ਾ ਵਿੱਚ ਅੱਗੇ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਇਸ ਪਿੰਡ ਵਿੱਚੋਂ ਦੋ ਦਰਜਨ ਤੋਂ ਵਧੇਰੇ ਪ੍ਰੀਪੇਡ ਸਮਾਰਟ ਮੀਟਰ ਉਤਾਰੇ ਗਏ ਹਨ। ਇਹ ਸਾਰੇ ਲਾਹ ਕੇ ਪਾਵਰਕੌਮ ਜਗਰਾਉਂ ਦਫ਼ਤਰ ਦੇ ਸਪੁਰਦ ਕਰ ਦਿੱਤੇ ਗਏ। ਉਨ੍ਹਾਂ ਸਰਕਾਰ ਤੇ ਪਾਵਰਕੌਮ ਨੂੰ ਇਹ ਪ੍ਰੀਪੇਡ ਸਮਾਰਟ ਮੀਟਰ ਨਾ ਲਾਉਣ ਦੀ ਚਿਤਾਵਨੀ ਦਿੱਤੀ। ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਮੁੜ ਅਜਿਹੀ ਕੋਸ਼ਿਸ਼ ਹੋਈ ਤਾਂ ਸੰਘਰਸ਼ ਤਿੱਖਾ ਕਰਨ ਦੇ ਨਾਲ ਇਹ ਮੀਟਰ ਫੇਰ ਲਾਹ ਦਿੱਤ ਜਾਣਗੇ।