ਨਿੱਜੀ ਪੱਤਰ ਪ੍ਰੇਰਕਲੁਧਿਆਣਾ, 19 ਮਾਰਚਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਅਤੇ ਗਾਂਜੇ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਕਰਦੇ ਹੋਏ ਗਲੀ ਨੰਬਰ 7 ਪੁੱਜੀ ਤਾਂ ਗਲੀ ਦੇ ਬਾਹਰ ਦੋ ਮੋਟਰਸਾਈਕਲਾਂ ’ਤੇ ਤਿੰਨ ਨੌਜਵਾਨ ਖੜ੍ਹੇ ਸਨ ਜੋ ਪੁਲੀਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ। ਇਸ ਦੌਰਾਨ ਪੁਲੀਸ ਟੀਮ ਨੇ ਮਿਥੁਨ ਵਾਸੀ ਸਲੇਮ ਟਾਬਰੀ ਨੂੰ ਕਾਬੂ ਕਰਕੇ ਹੱਥ ਵਿੱਚ ਫੜੇ ਲਿਫਾਫੇ ਵਿੱਚੋਂ 410 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲੀਸ ਵੱਲੋਂ ਉਸਦੇ ਸਾਥੀਆਂ ਪੀਰੂ ਬੰਦਾ ਮੁਹੱਲਾ ਸਲੇਮ ਟਾਬਰੀ ਵਾਸੀਆਨ ਸੋਨੂੰ ਅਤੇ ਬਿੱਟੂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਜੋਧੇਵਾਲ ਦੇ ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਕਰਦੇ ਹੋਏ ਬੈਕ ਸਾਈਡ ਸਰਕਾਰੀ ਸਕੂਲ ਪਿੰਡ ਕਾਕੋਵਾਲ ਰੋਡ ਖਾਲੀ ਪਲਾਟ ਪਾਸ ਪੁੱਜੀ ਤਾਂ ਜ਼ਾਹਿਦ ਅੰਸਾਰੀ ਵਾਸੀ ਹਰਵਿੰਦਰ ਨਗਰ ਫਾਂਮੜਾ ਰੋਡ ਆਪਣੇ ਹੱਥ ਵਿੱਚ ਇੱਕ ਵਜ਼ਨਦਾਰ ਥੈਲਾ ਫੜੀ ਖੜ੍ਹਾ ਸੀ ਜੋ ਪੁਲੀਸ ਪਾਰਟੀ ਨੂੰ ਦੇਖ ਕੇ ਇੱਕਦਮ ਭੱਜਣ ਲੱਗਾ। ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਚੈੱਕ ਕੀਤਾ ਗਿਆ ਤਾਂ ਉਸ ਪਾਸੋਂ 5 ਕਿਲੋ ਗਾਂਜਾ ਬਰਾਮਦ ਹੋਇਆ।