ਹੈਰੋਇਨ ਸਣੇ ਦੋ ਕਾਬੂ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 2 ਜੁਲਾਈ
ਲੁਧਿਆਣਾ (ਦਿਹਾਤੀ) ਪੁਲੀਸ ਦੇ ਸੀ.ਆਈ.ਏ ਸਟਾਫ਼ ਵੱਲੋਂ ਗਸ਼ਤ ਦੌਰਾਨ ਮਿਲੀ ਪੱਕੀ ਸੂਚਨਾ ਦੇ ਅਧਾਰ 'ਤੇ ਨੂਰਪੁਰਾ ਤੋਂ ਤਲਵੰਡੀ ਰਾਏ ਸੜਕ ਉਪਰ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 257 ਗਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ ਹੈ। ਥਾਣਾ ਸੀ.ਆਈ.ਏ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਨੁਸਾਰ ਮੁਲਜ਼ਮਾਂ ਦੀ ਪਹਿਚਾਣ ਪਰਮਜੀਤ ਸਿੰਘ ਉਰਫ਼ ਧਰਮਾ ਪੁੱਤਰ ਇੰਦਰਜੀਤ ਸਿੰਘ ਅਤੇ ਜਸਕਰਨ ਸਿੰਘ ਉਰਫ਼ ਰਾਹੁਲ ਪੁੱਤਰ ਬਲਜਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਰਾਏਕੋਟ ਵਜੋਂ ਹੋਈ ਹੈ। ਜਾਂਚ ਅਫ਼ਸਰ ਥਾਣੇਦਾਰ ਸੁਖਦੇਵ ਸਿੰਘ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿੱਚ ਨਸ਼ਾ ਤਸਕਰੀ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਪਰਮਜੀਤ ਸਿੰਘ ਉਰਫ਼ ਧਰਮਾ ਖ਼ਿਲਾਫ਼ ਹੋਰ ਮਾਮਲਿਆਂ ਸਮੇਤ ਨਸ਼ਾ ਤਸਕਰੀ ਦੇ ਚਾਰ ਮੁਕੱਦਮੇ ਪਹਿਲਾਂ ਹੀ ਦਰਜ ਹਨ, ਜਦਕਿ ਜਸਕਰਨ ਸਿੰਘ ਖ਼ਿਲਾਫ਼ ਵੀ ਨਸ਼ਾ ਤਸਕਰੀ ਦੇ ਤਿੰਨ ਮੁਕੱਦਮੇ ਦਰਜ ਹਨ। ਦੋਵੇਂ ਮੁਲਜ਼ਮ ਇਸ ਸਮੇਂ ਜ਼ਮਾਨਤ ਉਪਰ ਬਾਹਰ ਹਨ।