ਤੂਰ ਉਮਾਨ ’ਚ ਦਿਖਾਉਣਗੇ ਗਤਕੇ ਦੇ ਜੌਹਰ
ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਤੇਜ਼ੀ ਨਾਲ ਪ੍ਰਫੁਲਿਤ ਹੋ ਰਹੀ ਖੇਡ ਗੱਤਕਾ ਹੁਣ ਦੇਸ਼ ਦੀਆਂ ਹੱਦਾਂ ਨੂੰ ਪਾਰ ਕਰਕੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਵੀ ਪਹੁੰਚਣੀ ਸ਼ੁਰੂ ਹੋ ਗਈ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਸਮੇਤ ਬਹੁਤ ਦੇਸ਼ ਹਨ, ਜਿਥੇ ਸਿੱਖਾਂ ਦੀ ਆਬਾਦੀ ਬਹੁਤ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਉਥੋਂ ਦੇ ਨਗਰ-ਕੀਰਤਨਾਂ ਵਿਚ ਇਹ ਖੇਡ ਖੇਡੀ ਜਾ ਰਹੀ ਹੈ ਪ੍ਰੰਤੂ ਹੁਣ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਦੁਨੀਆਂ ਦੇ ਬਾਕੀ ਮੁਲਕਾਂ ਵਿਚ ਵੀ ਇਸ ਖੇਡ ਦਾ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਤਕਾ ਪ੍ਰਮੋਟਰ ਅਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਵਰਲਡ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਇੰਡੀਆ ਤੋਂ 6 ਗਤਕਾ ਖਿਡਾਰੀਆਂ ਦਾ ਇੱਕ ਦਲ ਉਮਾਨ ਦੇ ਸ਼ਹਿਰ ਸਲਾਲਾ ਵਿਚ ਹੋ ਰਹੇ ਅੰਤਰਰਾਸ਼ਟਰੀ ਫੋਕ ਡਾਂਸ ਫੈਸਟੀਵਲ ਵਿਚ ਭਾਗ ਲਵੇਗਾ, ਜਿੱਥੇ ਪੰਜਾਬ ਦੇ ਸੱਭਿਆਚਾਰ ਅਤੇ ਇੱਥੋਂ ਦੀ ਅਮੀਰ ਵਿਰਾਸਤੀ ਖੇਡ ਗੱਤਕਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 30 ਜੁਲਾਈ ਤੋਂ 3 ਅਗਸਤ ਤੱਕ ਵੱਖ-ਵੱਖ ਸਟੇਜਾਂ ’ਤੇ ਇਸ ਮਹਾਨ ਵਿਰਾਸਤੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਦਾ ਵਰਲਡ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਚਰਨ ਸਿੰਘ ਭੁੱਲਰ, ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਜਿੱਥੇ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉੱਥੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਮੰਚ ’ਤੇ ਗਤਕਾ ਖੇਡ ਦਾ ਖੇਡਿਆ ਜਾਣਾ ਆਉਣ ਵਾਲੇ ਸਮੇਂ ਵਿਚ ਇਸ ਖੇਡ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ।