ਟਿਕੈਤ ਵੱਲੋਂ ਭੇਜੇ ਰਾਸ਼ਨ ਵਾਲੇ ਟਰੱਕ ਹੜ੍ਹ ਪੀੜਤਾਂ ਲਈ ਰਵਾਨਾ
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ, ਜਿਨ੍ਹਾਂ ਨੇ ਦਿੱਲੀ ਸੰਘਰਸ਼ ਨੂੰ ਇੱਕ ਨਵਾਂ ਮੌੜ ਦਿੱਤਾ ਸੀ, ਨੇ ਆਪਣੇ ਭਤੀਜੇ ਗੌਰਵ ਟਿਕੈਤ ਅਤੇ ਦਿੱਲੀ ਤੋਂ ਅਬਾਸੀ ਦੀ ਅਗਵਾਈ ਹੇਠ ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਵੱਡੀ ਗਿਣਤੀ ਵਿੱਚ ਰਸਦ ਅਤੇ ਆਮ ਲੋੜਾਂ ਵਾਲੇ ਸਾਮਾਨ ਦੇ ਭਰੇ ਟਰੱਕ ਭੇਜੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਦਿੱਲੀ ਅਤੇ ਯੂਪੀ ਤੋਂ ਗੌਰਵ ਟਿਕੈਤ ਅਤੇ ਅਬਾਸੀ ਦੀ ਅਗਵਾਈ ਹੇਠ ਰਸਦ, ਗੈਸ ਚੁੱਲਿਆਂ, ਮੰਜੇ, ਗੱਦੇ, ਬਿਸਤਰੇ ਅਤੇ ਹੋਰ ਜ਼ਰੂਰੀ ਵਸਤਾਂ ਨਾਲ ਭਰੇ ਚਾਰ ਟਰੱਕ ਸਮਰਾਲਾ ਯੂਨੀਅਨ ਦੇ ਦਫ਼ਤਰ ਪੁੱਜੇ, ਜਿੱਥੋਂ ਭਾਕਿਯੂ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਆਪਣੀ ਅਗਵਾਈ ਹੇਠ ਇਨ੍ਹਾਂ ਟਰੱਕਾਂ ਨੂੰ ਹੜ੍ਹ ਪੀੜਤ ਇਲਾਕਿਆਂ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਲਈ ਰਵਾਨਾ ਹੋਏ।
ਇਸ ਰਾਸ਼ਨ ਅਤੇ ਸਮਾਨ ਨੂੰ ਬੀ. ਕੇ. ਯੂ. (ਲੱਖੋਵਾਲ) ਵੱਲੋਂ ਗੁਰਦੁਆਰਾ ਗੁਪਤਸਰ ਸਾਹਿਬ (ਤਰਨਤਾਰਨ) ਵਿੱਚ ਲਗਾਏ ਰਾਹਤ ਕੈਂਪ ਵਿੱਚ ਪਹੁੰਚਾਇਆ ਜਾਵੇਗਾ, ਜਿੱਥੋਂ ਇਸ ਸਮਾਨ ਨੂੰ ਲੋੜਵੰਦ ਵੱਖ ਵੱਖ ਥਾਵਾਂ ਲਈ ਭੇਜਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਚਾਰ ਟਰੱਕਾਂ ਤੋਂ ਇਲਾਵਾ ਪੰਜ- ਛੇ ਟਰੱਕ ਹੋਰ ਵੀ ਸਮਾਨ ਨਾਲ ਭਰੇ ਆ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਰਸਦ ਅਤੇ ਸਮਾਨ ਟਰੱਕ ਭੇਜੇ ਜਾ ਚੁੱਕੇ ਹਨ। ਇਸ ਮੌਕੇ ਦਿੱਲੀ ਅਤੇ ਯੂ. ਪੀ. ਤੋਂ ਆਏ ਜਥੇ ਵਿੱਚ ਕੁਲਦੀਪ ਕੁੱਲੂ, ਰਵਿੰਦਰ, ਬਿੱਲੂ ਪ੍ਰਧਾਨ, ਜਤਿੰਦਰ ਸਿੰਘ ਜਿੰਦੂ ਚਮਕੌਰ ਸਾਹਿਬ ਮੌਜੂਦ ਸਨ।