ਕਰੀਬ ਦੋ ਮਹੀਨੇ ਪਹਿਲਾਂ 14 ਅਗਸਤ ਨੂੰ ਬੀਕਾਨੇਰ ਦੇ ਰਸਤੇ ਕਲਕੱਤੇ ਗਿਆ ਟਰੱਕ ਕਲਕੱਤੇ ਤੋਂ ਕਰੀਬ 25 ਲੱਖ ਦਾ ਸਰੀਆ ਭਰ ਕੇ ਸ੍ਰੀਨਗਰ ਲਈ ਨਿਕਲਿਆ ਡਰਾਈਵਰ ਪੁਸ਼ਪਿੰਦਰ ਸਿੰਘ ਪੁੱਤਰ ਸ਼ਿਆਮ ਸਿੰਘ ਲੱਖਾਂ ਰੁਪਏ ਦੇ ਮਾਲ ਅਤੇ ਕਿਰਾਏ ਦੀ ਰਕਮ ਸਣੇ ਰਸਤੇ ਵਿੱਚੋਂ ਹੀ ਗ਼ਾਇਬ ਹੋ ਗਿਆ ਹੈ। ਪਿੰਡ ਤਾਜਪੁਰ ਦੇ ਪ੍ਰਸਿੱਧ ਟਰਾਂਸਪੋਰਟ ਕਾਰੋਬਾਰੀ ਬਲਜੀਤ ਸਿੰਘ ਦੀ ਸ਼ਿਕਾਇਤ ਉਪਰ ਥਾਣਾ ਰਾਏਕੋਟ ਸ਼ਹਿਰੀ ਦੀ ਪੁਲੀਸ ਨੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਅਟਾਣਾ ਦੇ ਪਿੰਡ ਨੰਗਲਾ ਬੈਸ਼ ਦੇ ਵਾਸੀ ਡਰਾਈਵਰ ਪੁਸ਼ਪਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ। ਜਾਂਚ ਅਫ਼ਸਰ ਸਬ-ਇੰਸਪੈਕਟਰ ਕੁਲਦੀਪ ਕੁਮਾਰ ਅਨੁਸਾਰ ਦੂਜੇ ਸੂਬੇ ਵਿੱਚ ਕਾਰਵਾਈ ਲਈ ਜ਼ਰੂਰੀ ਪ੍ਰਕਿਰਿਆ ਪੂਰੀ ਕਰ ਕੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਟਰਾਂਸਪੋਰਟ ਕਾਰੋਬਾਰੀ ਬਲਜੀਤ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪਿੰਡ ਗੋਂਦਵਾਲ ਟਰਾਂਸਪੋਰਟ ਦਫ਼ਤਰ ਤੋਂ 14 ਅਗਸਤ ਨੂੰ ਉਕਤ ਡਰਾਈਵਰ ਟਰੱਕ ਨੰਬਰ ਪੀਬੀ 10 ਐੱਚ.ਯੂ 9791 ਲੈ ਕੇ ਰਾਜਸਥਾਨ ਦੇ ਬੀਕਾਨੇਰ ਸ਼ਹਿਰ ਗਿਆ ਸੀ, ਉੱਥੋਂ ਮਾਲ ਭਰ ਕੇ ਉਹ ਕਲਕੱਤੇ ਲਈ ਨਿਕਲ ਗਿਆ। ਕਲਕੱਤੇ ਵਿੱਚ ਮਾਲ ਲਾਹ ਕੇ ਉੱਥੋਂ 23 ਅਗਸਤ ਨੂੰ ਕਰੀਬ 25 ਲੱਖ 24 ਹਜ਼ਾਰ ਰੁਪਏ ਦਾ ਸਰੀਆ ਭਰ ਕੇ ਸ੍ਰੀ ਨਗਰ ਲਈ ਨਿਕਲਿਆ ਡਰਾਈਵਰ ਪੁਸ਼ਪਿੰਦਰ ਸਿੰਘ ਉੱਤਰ-ਪ੍ਰਦੇਸ਼ ਵਿੱਚ ਆਪਣੇ ਪਿੰਡ ਪਹੁੰਚ ਗਿਆ ਸੀ। ਮਾਲਕ ਬਲਜੀਤ ਸਿੰਘ ਟਰੱਕ ਵਿੱਚ ਲੱਗੇ ਜੀ ਪੀ ਆਰ ਐੱਸ ਸਿਸਟਮ ਰਾਹੀ ਟਰੱਕ ਨੂੰ ਟਰੈਕ ਕਰਦਾ ਰਿਹਾ ਪਰ ਉਸ ਤੋਂ ਬਾਅਦ ਡਰਾਈਵਰ ਨੇ ਟਰੱਕ ਦਾ ਸਿਸਟਮ ਬੰਦ ਕਰ ਦਿੱਤਾ ਅਤੇ ਫੋਨ ਵੀ ਬੰਦ ਕਰ ਕੇ ਗ਼ਾਇਬ ਹੋ ਗਿਆ ਹੈ।