ਖਸਤਾ ਹਾਲਤ ਸੜਕ ਕਾਰਨ ਫ਼ਸਲ ਨਾਲ ਭਰਿਆ ਟਰੱਕ ਪਲਟਿਆ
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਅਧੀਨ ਪੈਂਦੀ ਰਾਹੌਣ ਮੰਡੀ ਦੀ ਮੁੱਖ ਸੜਕ ਦੀ ਖਸਤਾ ਹਾਲਤ ਕਰਕੇ ਅੱਜ ਹਾਦਸਾ ਵਾਪਰ ਗਿਆ। ਸੜਕ ਦੀ ਤਰਸਯੋਗ ਹਾਲਤ ਤੇ ਵੱਡੇ-ਵੱਡੇ ਟੋਇਆ ਕਰਕੇ ਫਸਲ ਨਾਲ ਭਰਿਆ ਟਰੱਕ ਪਲਟ ਗਿਆ। ਦੱਸਣਯੋਗ ਕਿ ਅੱਜ ਮੱਕੀ ਨਾਲ ਲੱਦਿਆ ਇਕ ਟਰੱਕ ਮੰਡੀ ਵਿਚੋਂ ਜਾ ਰਿਹਾ ਸੀ ਜਿਸ ਸੜਕ ’ਤੇ ਡੂੰਘੇ ਟੋਏ ’ਚ ਧੱਸ ਗਿਆ ਅਤੇ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਕਈ ਬੋਰੀਆਂ ਸੜਕ ’ਤੇ ਡਿੱਗ ਗਈਆਂ। ਇਸ ਹਾਦਸੇ ਵਿਚ ਟਰੱਕ ਦਾ ਐਕਸਲ ਟੁੱਟ ਗਿਆ ਅਤੇ ਟਰੱਕ ਮਾਲਕ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਇਸ ਮੌਕੇ ਅਨਾਜ ਮੰਡੀ ਦੇ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਮਾਰਕੀਟ ਕਮੇਟੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਲੋਕ ਸੇਵਾ ਕਲੱਬ ਖੰਨਾ ਦੇ ਪ੍ਰਧਾਨ ਪੀਡੀ ਬਾਂਸਲ ਸਣੇ ਕੁਝ ਆੜ੍ਹਤੀਆਂ ਵੱਲੋਂ ਲਗਾਤਾਰ ਕਈ ਦਿਨਾਂ ਤੋਂ ਸੜਕ ਦੀ ਮੁਰੰਮਤ ਕਰਨ ਦੀ ਅਪੀਲ ਕੀਤੀ ਗਈ ਪਰ ਸੜਕ ਦੀ ਹਾਲਤ ਸੁਧਾਰਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਅਜਿਹੇ ਹਾਦਸੇ ਆਏ ਦਿਨ ਵਾਪਰਦੇ ਹਨ। ਇਸੇ ਤਰ੍ਹਾਂ ਇਨ੍ਹਾਂ ਟੋਇਆ ਕਾਰਨ ਕਿਸਾਨਾਂ, ਆੜ੍ਹਤੀਆਂ, ਟਰੱਕ ਡਰਾਈਵਰਾਂ ਅਤੇ ਹੋਰ ਰਾਹਗੀਰਾਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਰਿਸ਼ਾਂ ਦੇ ਦਿਨਾਂ ਵਿਚ ਟੋਇਆ ਵਿਚ ਭਰੇ ਪਾਣੀ ਵਿਚ ਕਈ ਵਾਰ ਕਾਰਾਂ, ਸਕੂਟਰ ਫਸ ਜਾਂਦੇ ਹਨ ਅਤੇ ਲੋਕਾਂ ਨੂੰ ਸੱਟਾਂ ਲੱਗਦੀਆਂ ਹਨ। ਇਸ ਦੇ ਨਾਲ ਹੀ ਪਿਛਲੇ ਕਰੀਬ ਇਕ ਮਹੀਨੇ ਤੋਂ ਹੋ ਰਹੀ ਬਰਸਾਤ ਕਰਕੇ ਸੜਕ ਤੇ ਪਾਣੀ ਦਾ ਚਿੱਕੜ ਬਣ ਗਿਆ ਹੈ। ਸਥਾਨਕ ਵਪਾਰੀਆਂ ਅਤੇ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਇਸ ਸੜਕ ਦੀ ਮੁਰੰਮਤ ਲਈ ਕਈ ਵਾਰ ਸਬੰਧਤ ਵਿਭਾਗ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਜੋ ਹਾਦਸਿਆਂ ਅਤੇ ਵਿੱਤੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਰਸ਼ਨ ਲਾਲ, ਮੁਨੀਮ ਯੂਨੀਅਨ ਦੇ ਪ੍ਰਧਾਨ ਹਰਮੇਸ਼ ਬੱਤਾ, ਅਜਮੇਰ ਸਿੰਘ, ਕਸ਼ਮੀਰ ਸਿੰਘ, ਰਛਪਾਲ ਸਿੰਘ ਨੇ ਵਿਭਾਗ ਖਿਲਾਫ਼ ਰੋਸ ਪ੍ਰਗਟਾਇਆ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਵਿਭਾਗ ਕੋਲ ਇਸ ਵੇਲੇ ਪੂਰੀ ਸੜਕ ਬਣਾਉਣ ਲਈ ਲੋੜੀਂਦੇ ਫੰਡ ਨਹੀਂ ਹਨ। ਉਨ੍ਹਾਂ ਨੇ ਆਪਣੇ ਵੱਲੋਂ ਸੜਕ ਦੀ ਥੋੜੀ ਬਹੁਤ ਮੁਰੰਮਤ ਕਰਵਾਈ ਸੀ ਜੋ ਬਾਰਿਸ਼ ਕਾਰਨ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਸੜਕ ਲਈ ਜਲਦ ਟੈਂਡਰ ਲਾਇਆ ਜਾਵੇਗਾ ਉਪਰੰਤ ਸਥਿਤੀ ਵਿਚ ਸੁਧਾਰ ਹੋਣ ਦੀ ਉਮੀਦ ਹੈ।