ਗੋਹੇ ਨਾਲ ਓਵਰਲੋਡ ਟਰਾਲੀਆਂ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾਈ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦੇ ਚੱਲਦਿਆਂ ਵੀ ਪਸ਼ੂ ਡੇਅਰੀਆਂ ਵਾਲੇ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਕੁਚਲ ਰਹੇ ਹਨ। ਲੋਕਾਂ ਦਾ ਸਾਫ਼ ਸੁਥਰੀ ਜ਼ਿੰਦਗੀ ਜਿਊਣਾ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ ਅਤੇ
ਇਲਾਕੇ ਵਿੱਚ ਗੋਹੇ ਨਾਲ ਭਰੀਆਂ ਓਵਰਲੋਡ ਖੁੱਲ੍ਹੀਆਂ ਟਰਾਲੀਆਂ ਦੀ ਆਵਾਜਾਈ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਇਥੋਂ ਦੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀਡੀ ਬਾਂਸਲ ਨੇ ਕਿਹਾ ਕਿ ਇਲਾਕੇ ਦੀਆਂ ਡੇਅਰੀਆਂ ਦਾ ਗੰਦਾ ਪਾਣੀ ਸੀਵਰੇਜ ਵਿੱਚ ਜਾਂਦਾ ਹੈ, ਜਿਸ ਕਾਰਨ ਰੋਜ਼ਾਨਾ ਸੀਵਰੇਜ ਜਾਮ ਰਹਿੰਦਾ ਹੈ। ਦੂਜੇ ਪਾਸੇ ਗੋਹੇ ਤੇ ਹੋਰ ਗੰਦਗੀ ਨਾਲ ਭਰ ਕੇ ਖੁੱਲ੍ਹੀਆਂ ਟਰਾਲੀਆਂ ਡੇਅਰੀਆਂ ਵਾਲੇ ਸੜਕਾਂ ਤੋਂ ਲੰਘਦੇ ਹਨ, ਜਿਸ ਕਾਰਨ ਉਛਾਲੇ ਵੱਜਣ ’ਤੇ ਗੋਹਾ ਸੜਕਾਂ ’ਤੇ ਖਿੱਲਰਦਾ ਹੈ ਤੇ ਕਈ ਵਾਰ ਰਾਹਗੀਰਾਂ ’ਤੇ ਛਿੱਟੇ ਵੀ ਪੈ ਜਾਂਦੇ ਹਨ।
ਪ੍ਰਾਪਤ ਜਾਣਕਾਰੀ ਅਨਸਾਰ ਇਨ੍ਹਾਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਾਉਣ ਦੀ ਮੰਗ ਬਾਰੇ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਖਲ ਕੀਤੀ ਹੋਈ ਹੈ ਜੋ ਸੁਣਵਾਈ ਅਧੀਨ ਹੈ। ਉੱਚ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ 30 ਡੇਅਰੀਆਂ ਨੂੰ ਕੇਸ ਵਿਚ ਪਾਰਟੀ ਬਣਾਇਆ ਗਿਆ ਹੈ। ਬਾਂਸਲ ਨੇ ਕਿਹਾ ਕਿ ਗੋਹਾ ਢੋਹਣ ਵਾਲੀਆਂ ਓਵਰਲੋਡ ਟਰਾਲੀਆਂ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ’ਤੇ ਗੰਦਗੀ ਖਿਲਾਰਦੀਆਂ ਹਨ ਜਿਸ ਕਾਰਨ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਲਈ ਨਗਰ ਕੌਂਸਲ ਵੱਲੋਂ ਅਸਗਤ 2009 ਵਿੱਚ ਮਤਾ ਪਾਇਆ ਗਿਆ ਸੀ ਜਿਸ ਤਹਿਤ ਪਿੰਡ ਬਘੌਰ ਵਿੱਚ ਡੇਅਰੀ ਕੰਪਲੈਕਸ ਉਸਾਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਪਰ ਇਸ ਮਤੇ ’ਤੇ ਕਾਰਵਾਈ ਨਹੀਂ ਹੋਈ।
ਬਾਂਸਲ ਨੇ ਕਿਹਾ ਕਿ ਰਾਤ ਸਮੇਂ ਇਹ ਡੇਅਰੀਆਂ ਵਾਲੇ ਪਾਣੀ ਦੀਆਂ ਮੋਟਰਾਂ ਚਲਾ ਕੇ ਸਾਰਾ ਗੋਹਾ ਡਰੇਨਾਂ ਵਿਚ ਰੋੜ ਦਿੰਦੇ ਹਨ ਜਿਸ ਨਾਲ ਸੀਵਰੇਜ ਬੰਦ ਹੋ ਜਾਂਦਾ ਹੈ। ਬਰਸਾਤ ਦੌਰਾਨ ਗੋਹੇ ਵਾਲਾ ਪਾਣੀ ਗਲੀਆਂ ਵਿੱਚ ਘੁੰਮਦਾ ਹੈ ਤੇ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਕੌਂਸਲ ਵੱਲੋਂ ਪਹਿਲਾਂ ਵੀ ਨੋਟਿਸ ਦਿੱਤੇ ਗਏ ਹਨ ਅਤੇ ਅੱਗੇ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।