ਪਿੰਡ ਕਾਲਸਾਂ ਵਿੱਚ ਇਨਕਲਾਬੀ ਕੇਂਦਰ ਵੱਲੋਂ ਨਕਸਲਬਾੜੀ ਲਹਿਰ ਦੇ ਸ਼ਹੀਦ ਬਾਬਾ ਨਿਰੰਜਣ ਸਿੰਘ ਅਕਾਲੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦ ਦੇ ਘਰ ਤੋਂ ਨਾਅਰੇਬਾਜ਼ੀ ਕਰਦਿਆਂ ਮਰਦ, ਔਰਤਾਂ ਅਤੇ ਨੌਜਵਾਨਾਂ ਦਾ ਕਾਫ਼ਲਾ ਬਠਿੰਡਾ ਬਰਾਂਚ ਨਹਿਰ ਦੇ ਕੰਢੇ ਬਣੀ ਸ਼ਹੀਦੀ ਲਾਟ ਤੱਕ ਪਹੁੰਚਿਆ ਅਤੇ ਸ਼ਹੀਦੀ ਲਾਟ ਉੱਪਰ ਝੰਡਾ ਲਹਿਰਾਉਣ ਦੀ ਰਸਮ ਸਿਮਰਜੀਤ ਕੌਰ, ਗੁਰਿੰਦਰ ਕੌਰ ਤੇ ਮਹਿੰਦਰ ਸਿੰਘ ਮੂੰਮ ਨੇ ਅਦਾ ਕੀਤੀ। ਇਨਕਲਾਬੀ ਕੇਂਦਰ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਸੰਤ ਦੀ ਗਰਜ਼ ਬਣ ਉੱਠੀ ਲਹਿਰ ਵਿਗਿਆਨਕ ਵਿਚਾਰਧਾਰਾ ਦਾ ਤੱਤ ਮਜ਼ਬੂਤ ਅਤੇ ਸਾਰਥਕ ਹੈ, ਜੋ ਅੱਜ ਵੀ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਨੇ ਲੁੱਟ, ਜਬਰ ਅਤੇ ਦਾਬੇ ਤੋਂ ਰਹਿਤ ਸਮਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।
ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਯਾਦਗਾਰ ਕਮੇਟੀ ਦੇ ਆਗੂ ਮਨਜੀਤ ਧਨੇਰ, ਜਗਰਾਜ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਅਤੇ ਹਰਪ੍ਰੀਤ ਕੌਰ ਨੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿੱਚ 28ਵੇਂ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਨੇ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ।