ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਮਈ
ਲੁਧਿਆਣੇ ਸ਼ਹਿਰ ਦੇ ਜੰਮਪਲ ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਅੱਜ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ, ਸੁਨੇਤ ਵਿਖੇ ਮਹਾਂ ਸਭਾ ਲੁਧਿਆਣਾ ਅਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਕਾਰਕੁਨਾਂ ਵੱਲੋਂ ਸ਼ਹੀਦ ਸੁਖਦੇਵ ਦੇ ਬੁੱਤ ਨੂੰ ਹਾਰ ਪਾ ਕੇ ਤੇ ਆਕਾਸ਼ ਗੁੰਜਾਉ ਨਾਅਰਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ ।
ਮਹਾਂ ਸਭਾ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਅਤੇ ਨੌਜਵਾਨ ਸਭਾ ਦੇ ਸਕੱਤਰ ਰਾਕੇਸ਼ ਆਜ਼ਾਦ ਨੇ ਕਿਹਾ ਕਿ ਸ਼ਹੀਦ ਸੁਖਦੇਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਲੁੱਟ ਰਹਿਤ ਸਮਾਜ ਦਾ ਸੁਪਨਾ ਵੇਖਿਆ ਸੀ ਤੇ ਉਸੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਨਾਲ ਹੱਸਦੇ ਹੱਸਦੇ ਫਾਂਸੀ ਤੇ ਚੜ੍ਹ ਗਏ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਛੋਟੇ ਜਿਹੇ ਵਕਫ਼ੇ ਦੌਰਾਨ ਦੇਸ਼ ਦੀ ਆਜ਼ਾਦੀ ਲਈ ਅਤੇ ਲੋਕਾਂ ਵਿੱਚ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਬਹੁਤ ਕੰਮ ਕੀਤੇ। ਉਨ੍ਹਾਂ ਨੇ ਹਰ ਵਰਗ ਦੇ ਨੌਜਵਾਨਾਂ ਨੂੰ ਚੇਤਨ ਕਰਨ ਲਈ ਨੌਜਵਾਨ ਭਾਰਤ ਸਭਾ ਵਰਗੀ ਜਥੇਬੰਦੀ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਅੱਜ ਦੇ ਦੌਰ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਤੇ ਹਾਰ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ , ਸਗੋਂ ਲੋਕਾਂ ਨੂੰ ਇਨ੍ਹਾਂ ਦੇ ਵਿਚਾਰਾਂ ਦੇ ਉਲਟ ਧਰਮਾਂ-ਜਾਤਾਂ ਦੇ ਨਾਮ ’ਤੇ ਲੜਾ ਕੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਮੁਲਕਾਂ ਦੀ ਸੇਵਾ ਕਰ ਰਹੀਆਂ ਹਨ।
ਇਸ ਦੌਰਾਨ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਦੀ ਫੌਜੀ ਸੇਵਾ ਵਿੱਚ ਕਰਨਲ ਵਜੋਂ ਸੇਵਾਵਾਂ ਨਿਭਾਉਣ ਵਾਲੀ ਅਤੇ ਅਪਰੇਸ਼ਨ ਸਿੰਦੂਰ ਦੀ ਅਗਵਾਈ ਕਰਨ ਵਾਲੀ ਸੋਫ਼ੀਆ ਕੁਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿ ਕੇ ਸੰਬੋਧਨ ਕਰਨ ਵਾਲੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੰਤਰੀ ਵਿਜੈ ਸ਼ਾਹ ਦੇ ਬਿਆਨ ਦੀ ਨਿਖੇਧੀ ਕਰਦਿਆਂ ਉਸ ’ਤੇ ਦੇਸ਼-ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਲੋਕਾਂ ਨੂੰ ਸ਼ਹੀਦਾਂ ਵੱਲੋਂ ਚਿਤਵੇ ਸਮਾਜ ਦੀ ਸਿਰਜਣਾ ਕਰਨ ਲਈ, ਧਰਮਾਂ, ਜਾਤਾਂ, ਫਿਰਕਿਆਂ ਤੋਂ ਉੱਪਰ ਉੱਠ ਕੇ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਸੇਧ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਫੌਜੀ ਸੁਬੇਗ ਸਿੰਘ, ਪ੍ਰਤਾਪ ਸਿੰਘ, ਮਾਸਟਰ ਅਜਮੇਰ ਦਾਖਾ, ਜਗਜੀਤ ਸਿੰਘ, ਮਾਨ ਸਿੰਘ, ਮਾਸਟਰ ਸੁਰਜੀਤ ਦੁੱਗਰੀ ਅਤੇ ਮਹੇਸ਼ ਕੁਮਾਰ ਤੇ ਹੋਰ ਹਾਜ਼ਰ ਸਨ।

