ਕਿਸਾਨ ਮੋਰਚੇ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋਂ ਨੂੰ ਸ਼ਰਧਾਂਜਲੀਆਂ
ਬਿਜਲੀ ਸੋਧ ਬਿੱਲ 2025 ਰੱਦ ਕਰਨ ਦੀ ਮੰਗ; ਜਾਇਦਾਦਾਂ ਵੇਚਣ ਵਿਰੁੱਧ ਸੰਘਰਸ਼ ਦੀ ਹਮਾਇਤ
ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਕਿਸਾਨ ਮੋਰਚੇ ਸਮੇਂ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਸਾਹਮਣੇ ਪੱਕੇ ਮੋਰਚੇ ਦੌਰਾਨ 27 ਅਕਤੂਬਰ 2021 ਨੂੰ ਆਪਣੀ ਜਾਨ ਕੁਰਬਾਨ ਕਰ ਗਈ ਮਾਤਾ ਮਹਿੰਦਰ ਕੌਰ ਡੇਹਲੋਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮਾਤਾ ਮਹਿੰਦਰ ਕੌਰ ਦੀ ਸ਼ਹਾਦਤ ਜਬਰ, ਜ਼ੁਲਮ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ਾਂ ਦੀ ਪ੍ਰੇਰਨਾ ਸਰੋਤ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਮਹਿੰਦਰ ਕੌਰ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਸਾਹਮਣੇ ਪੱਕੇ ਮੋਰਚੇ ਦੀ ਆਗੂ ਟੀਮ ਦਾ ਹਿੱਸਾ ਸਨ। ਉਨ੍ਹਾਂ ਕਈ ਵਾਰ ਦਿੱਲੀ ਦੀ ਸਿੰਘੂ ਸਰਹੱਦ ਉਪਰ ਮੋਰਚੇ ਵਿੱਚ ਕਿਲ੍ਹਾ ਰਾਏਪੁਰ ਤੋਂ ਜਾਣ ਵਾਲੀਆਂ ਟੀਮਾਂ ਦੀ ਅਗਵਾਈ ਕੀਤੀ ਸੀ। ਕਿਸਾਨ ਆਗੂ ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਪੰਚ ਕਰਮਜੀਤ ਕੌਰ ਨਾਰੰਗਵਾਲ ਅਤੇ ਸੁਖਵਿੰਦਰ ਕੌਰ ਡੇਹਲੋਂ ਦੀ ਪ੍ਰਧਾਨਗੀ ਹੇਠ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਹੀਦ ਬੀਬੀ ਦੇ ਪਤੀ ਹੁਕਮ ਸਿੰਘ ਸਣੇ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਕਿਸਾਨ ਆਗੂ ਰਘਵੀਰ ਸਿੰਘ ਬੈਨੀਪਾਲ ਨੇ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਸੂਬਾ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਵਿਰੁੱਧ ਬਿਜਲੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਕੁਲ ਹਿੰਦ ਕਿਸਾਨ ਫੈਡਰੇਸ਼ਨ ਦੇ ਕੌਮੀ ਆਗੂ ਕੁਲਦੀਪ ਸਿੰਘ ਗਰੇਵਾਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ, ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਲਈ 4 ਨਵੰਬਰ ਨੂੰ ਜ਼ਿਲ੍ਹਾ ਕੇਂਦਰਾਂ ਉੱਪਰ ਮੰਗ-ਪੱਤਰ ਦੇਣ ਅਤੇ 26 ਨਵੰਬਰ ਦੀ ਚੰਡੀਗੜ੍ਹ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ। ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸ਼ਮਸ਼ੇਰ ਸਿੰਘ ਆਸੀ ਕਲਾਂ, ਜਸਵੀਰ ਕੌਰ ਜੜਤੌਲੀ, ਸੁਰਜੀਤ ਸਿੰਘ ਸੀਲੋਂ ਅਤੇ ਰਘਵੀਰ ਸਿੰਘ ਆਸੀ ਕਲਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।

